
ਫਿਰੋਜ਼ਪੁਰ, 27 ਫਰਵਰੀ (ਜਸਵਿੰਦਰ ਸਿੰਘ ਸੰਧੂ)- ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ 26 ਗ੍ਰਾਮ ਹੈਰੋਇਨ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਵੱਖ ਵੱਖ ਥਾਣਿਆਂ ਵਿਚ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਕਿਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਬਾਰਡਰ ਰੋਡ ਤੋਂ ਬੇਦੀ ਗੋਦਾਮ ਪਾਸ ਪੁੱਜੇ ਤਾਂ ਦੋ ਨੌਜਵਾਨ ਰੇਸ਼ਮ ਸਿੰਘ ਉਰਫ ਲਲਿਤ ਉਰਫ ਲੱਲੀ ਪੁੱਤਰ ਕਸ਼ਮੀਰ ਸਿੰਘ ਵਾਸੀ ਵਾਰਡ ਨੰਬਰ 10 ਨਿਊ ਜਨਤਾ ਪ੍ਰੀਤ ਨਗਰ ਸਿਟੀ ਫਿਰੋਜ਼ਪੁਰ ਅਤੇ ਵਿਲਸਨ ਉਰਫ ਟਾਈਗਰ ਪੁੱਤਰ ਮੋਹਨ ਲਾਲ ਵਾਸੀ ਗਲੀ ਭੰਡਾਰੀਆਂ ਵਾਲੀ ਬਸਤੀ ਭੱਟੀਆਂ ਵਾਲੀ ਸਿਟੀ ਫਿਰੋਜ਼ਪੁਰ ਪੈਦਲ ਆਉਂਦੇ ਵਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਏ ਤੇ ਮੌਕੇ ਤੋਂ ਖਿਸਕਣ ਲੱਗੇ, ਜਿਨ੍ਹਾਂ ਨੂੰ ਪੁਲਿਸ ਪਾਰਟੀ ਵੱਲੋਂ ਸ਼ੱਕ ਦੀ ਬਿਨਾਅ ’ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਕੈਂਟ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਬੱਸ ਸਟੈਂਡ ਤੋਂ ਜਾਂਦੀ ਮੰਦਿਰ ਵਾਲੀ ਸੜਕ ’ਤੇ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਰਕੇਸ਼ ਕੁਮਾਰ ਉਰਫ ਰਿੰਕੂ ਪੁੱਤਰ ਜੋਗਿੰਦਰ ਪਾਲ ਵਾਸੀ ਮਕਾਨ ਨੰਬਰ 19 ਗਲੀ ਨੰਬਰ 12 ਬਸਤੀ ਟੈਂਕਾਂਵਾਲੀ ਕੈਂਟ ਫਿਰੋਜ਼ਪੁਰ ਹੈਰੋਇਨ ਪੀਣ ਤੇ ਵੇਚਣ ਦਾ ਆਦੀ ਹੈ, ਜੋ ਹੁਣ ਵੀ ਚੁੰਗੀ ਨੰਬਰ 7 ਤੋਂ ਸ਼ਮਸ਼ਾਨਘਾਟ ਨੂੰ ਜਾਂਦੀ ਸੜਕ ’ਤੇ ਤੁਰ ਫਿਰ ਕੇ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਰਕੇਸ਼ ਕੁਮਾਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਸਬ ਇੰਸਪੈਕਟਰ ਤਰਸੇਮ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਮੇਨ ਜੀਟੀ ਰੋਡ ਤੋਂ ਹੁਸੈਨੀਵਾਲਾ ਬਾਰਡਰ ਰੋਡ ਫਿਰੋਜ਼ਪੁਰ ਪਾਸ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਅਮਨਦੀਪ ਅਮਨਾ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਪੱਲਾ ਮੇਘਾ ਹੈਰੋਇਨ ਦੀ ਤਸਕਰੀ ਕਰਨ ਅਤੇ ਗਾਹਕਾਂ ਨੂੰ ਤੁਰ ਫਿਰ ਕੇ ਵੇਚਣ ਦਾ ਆਦੀ ਹੈ। ਜੋ ਹੁਣ ਵੀ ਮਧਰੇ ਫਾਟਕ ਵਾਲੇ ਪਾਸਿਓਂ ਫਿਰੋਜ਼ਪੁਰ ਕੈਂਟ ਪਾਸੇ ਨੂੰ ਆ ਰਿਹਾ ਹੈ। ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਅਮਨਦੀਪ ਅਮਨਾ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 9 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲੇ ਦਰਜ ਕਰ ਲਏ ਗਏ ਹਨ।



