Punjab

ਡੀਐੱਨਏ ਨੇ ਖੋਲ੍ਹੀ 14 ਸਾਲ ਪੁਰਾਣੇ MBA ਵਿਦਿਆਰਥਣ ਰੇਪ-ਮਰਡਰ ਕੇਸ ਦੀ ਪੋਲ-ਪੱਟੀ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 29 ਨਵੰਬਰ : ਚੰਡੀਗੜ੍ਹ ਦੀ ਫਾਸਟ ਟਰੈਕ ਵਿਸ਼ੇਸ਼ ਅਦਾਲਤ ਨੇ 21 ਸਾਲਾ ਐੱਮਬੀਏ ਵਿਦਿਆਰਥਣ ਨਾਲ ਜਬਰ ਜਨਾਹ ਤੇ ਕਤਲ ਦੇ 14 ਸਾਲ ਪੁਰਾਣੇ ਮਾਮਲੇ ’ਚ ਟੈਕਸੀ ਡਰਾਈਵਰ ਮੋਨੂ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ’ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। ਵੀਰਵਾਰ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਸ਼ੁੱਕਰਵਾਰ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ। ਪੀੜਤ ਪਰਿਵਾਰ ਤੇ ਸਰਕਾਰੀ ਵਕੀਲ ਨੇ ਇਸ ਨੂੰ ‘ਰੇਅਰ ਆਫ ਰੇਅਰ’ ਸ਼੍ਰੇਣੀ ’ਚ ਰੱਖ ਕੇ ਫਾਂਸੀ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਇਸ ਤਰਕ ਨੂੰ ਖ਼ਾਰਜ ਕਰਦੇ ਹੋਏ ਉਮਰ ਕੈਦ ਹੀ ਸਭ ਤੋਂ ਉਚਿਤ ਸਜ਼ਾ ਮੰਨੀ। ਸਜ਼ਾ ਦਾ ਸਭ ਤੋਂ ਮਜ਼ਬੂਤ ਆਧਾਰ ਉਹ ਡੀਐੱਨਏ ਰਿਪੋਰਟ ਬਣੀ ਜਿਸ ਨੇ 14 ਸਾਲ ਬਾਅਦ ਪੁਲਿਸ ਨੂੰ ਦੋਸ਼ੀ ਤੱਕ ਪਹੁੰਚਾਇਆ।

ਬਲਾਈਂਡ ਮਰਡਰ ਦਾ ਇਸ ਤਰ੍ਹਾਂ ਹੋਇਆ ਪਰਦਾਫਾਸ਼

30 ਜੁਲਾਈ 2010 ਦੀ ਸ਼ਾਮ ਵਿਦਿਆਰਥਣ ਬਾਰਿਸ਼ ਤੋਂ ਬਚਣ ਲਈ ਸਕੂਟੀ ਸਾਈਡ ’ਤੇ ਖੜੀ ਸੀ, ਤਾਂ ਮੋਨੂ ਪਿੱਛੋਂ ਆਇਆ ਤੇ ਭਾਰੇ ਪੱਥਰ ਨਾਲ ਉਸਦੇ ਸਿਰ ’ਤੇ ਵਾਰ ਕਰ ਦਿੱਤਾ। ਗੰਭੀਰ ਜ਼ਖ਼ਮੀ ਵਿਦਿਆਰਥਣ ਨੂੰ ਉਹ ਘਸੀਟ ਕੇ ਨੇੜਲੇ ਜੰਗਲ ’ਚ ਲੈ ਗਿਆ, ਜਿੱਥੇ ਉਸ ਨਾਲ ਜਬਰਜਨਾਹ ਕਰ ਕੇ ਕਤਲ ਕਰ ਦਿੱਤਾ। ਉਸ ਰਾਤ ਘਰ ਨਾ ਪਹੁੰਚਣ ‘ਤੇ ਪਰਿਵਾਰ ਨੇ ਭਾਲ ਸ਼ੁਰੂ ਕੀਤੀ। ਸਕੂਟੀ ਸੈਕਟਰ–38 ਵਿੱਚ ਖੂਨ ਦੇ ਦਾਗਾਂ ਸਣੇ ਮਿਲੀ। ਨੇੜੇ ਹੀ ਵਿਦਿਆਰਥਣ ਬੇਹੋਸ਼ ਅਤੇ ਲਹੂ-ਲੁਹਾਨ ਮਿਲੀ, ਜਿਸ ਨੂੰ ਪੀਜੀਆਈ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ। ਪੋਸਟਮਾਰਟਮ ਵਿੱਚ ਸਿਰ ‘ਤੇ ਗੰਭੀਰ ਸੱਟ , ਗਲਾ ਘੋਟਣ ਅਤੇ ਸ਼ਰੀਰ ਨਾਲ ਕਰੂਰਤਾ ਦੇ ਸੰਕੇਤ ਮਿਲੇ। ਪੁਲਿਸ ਨੇ ਡੀਐਨਏ ਸੈਂਪਲ ਸੰਭਾਲੇ, ਪਰ ਦੋਸ਼ੀ ਨਾ ਮਿਲਣ ‘ਤੇ ਕਈ ਸਾਲਾਂ ਬਾਅਦ “ਅਨਟ੍ਰੇਸਡ” ਰਿਪੋਰਟ ਫਾਈਲ ਕਰਨੀ ਪਈ।

ਮਲੋਆ ਕਤਲ ਮਾਮਲੇ ਨੇ ਖੋਲ੍ਹਿਆ 14 ਸਾਲ ਪੁਰਾਣਾ ਰਾਜ਼

2022 ਵਿੱਚ ਮਲੋਆ ਜੰਗਲ ਵਿੱਚ ਬਿਨਾ ਕਪੜਿਆਂ ਦੇ 40 ਸਾਲ ਦੀ ਔਰਤ ਦੀ ਲਾਸ਼ ਮਿਲੀ। ਉਸਦੇ ਹੱਥ–ਪੈਰ ਬੰਨੇ ਹੋਏ ਸਨ ਅਤੇ ਮੁੰਹ ‘ਚ ਜੁਰਾਬ ਠੁੱਸੀ ਹੋਈ ਸੀ, ਬਿਲਕੁਲ ਉਹੀ ਪੈਟਰਨ ਜੋ 2010 ਦੇ ਐਮਬੀਏ ਵਿਦਿਆਰਥਣ ਮਾਮਲੇ ਵਿੱਚ ਸੀ।ਔਰਤ ਦਾ ਪਤੀ ਉਸਨੂੰ ਬਾਜ਼ਾਰ ਛੱਡ ਕੇ ਘਰ ਪੈਸੇ ਲੈਣ ਗਿਆ ਸੀ, ਪਰ ਵਾਪਸ ਆਉਣ ‘ਤੇ ਉਹ ਗਾਇਬ ਮਿਲੀ। ਅਗਲੇ ਦਿਨ ਉਸ ਦੀ ਲਾਸ਼ ਮਿਲੀ ।ਦੋਨੋਂ ਕੇਸਾਂ ਵਿੱਚ ਸਾਂਝੇ ਤਰੀਕੇ ਵੇਖ ਕੇ ਪੁਲਿਸ ਨੇ ਸੈਂਕੜਿਆਂ ਲੋਕਾਂ ਦੇ ਡੀਐਨਏ ਸੈਂਪਲ ਇਕੱਠੇ ਕੀਤੇ। ਅੱਠ ਮਹੀਨੇ ਦੀ ਜਾਂਚ ਬਾਅਦ ਇੱਕ ਸੈਂਪਲ ਮਲੋਆ ਕੇਸ ਨਾਲ ਮੇਲ ਖਾ ਗਿਆ। ਫਿਰ ਉਸਨੂੰ 2010 ਦੇ ਸੈਂਪਲ ਨਾਲ ਮਿਲਾਇਆ ਗਿਆ ਤਾਂ ਉਹ ਮਿਲ ਗਏ ।ਇਸ ਤਰ੍ਹਾਂ ਸ਼ਾਹਪੁਰਾ ਕਾਲੋਨੀ ਦਾ ਟੈਕਸੀ ਚਾਲਕ ਮੋਨੂ ਕੁਮਾਰ ਗ੍ਰਿਫ਼ਤਾਰ ਹੋਇਆ ਅਤੇ ਦੋਹਾਂ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ।

“ਅਸੀਂ ਇਨਸਾਫ਼ ਦੀ ਉਮੀਦ ਕਦੇ ਨਹੀਂ ਛੱਡੀ”-ਪੀੜਤਾ ਦੇ ਪਿਤਾ

ਵਿਦਿਆਰਥਣ ਦੇ ਪਿਤਾ ਨੇ ਕਿਹਾ ਕਿ “ਅਨਟ੍ਰੇਸਡ” ਰਿਪੋਰਟ ਤੋਂ ਬਾਅਦ ਵੀ ਉਨ੍ਹਾਂ ਨੇ ਭਰੋਸਾ ਨਹੀਂ ਛੱਡਿਆ। ਉਨ੍ਹਾਂ ਨੇ ਵਿਗਿਆਨਿਕ ਸੁਨੀਤਾ ਵਰਮਾ ਦੀ ਖਾਸ ਤੌਰ ‘ਤੇ ਸ਼ਲਾਘਾ ਕੀਤੀ, ਜਿਨ੍ਹਾਂ ਨੇ ਦੋਵੇ ਕੇਸਾਂ ਦੇ ਸਬੂਤ ਇਕੱਠੇ ਕੀਤੇ ਅਤੇ ਮੁੜ–ਮੁੜ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਦੋਵੇਂ ਹਤਿਆਵਾਂ ਇੱਕੋ ਸ਼ਖ਼ਸ ਨੇ ਕੀਤੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਲਿਸ ਨੇ 14 ਸਾਲ ਬਾਅਦ ਮੁਲਜ਼ਿਮ ਤੱਕ ਪਹੁੰਚਣ ਵਿੱਚ ਬੇਹੱਦ ਇਮਾਨਦਾਰੀ ਨਾਲ ਕੰਮ ਕੀਤਾ, ਜਿਸ ਨਾਲ ਪਰਿਵਾਰ ਨੂੰ ਇਨਸਾਫ਼ ਮਿਲਿਆ।

Related Articles

Leave a Reply

Your email address will not be published. Required fields are marked *

Back to top button