
ਭਾਗਲਪੁਰ, 24 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਗਿਕਾ ਪਹੁੰਚ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨ ਸਨਮਾਨ ਨਿਧੀ ਦੀ 19ਵੀਂ ਕਿਸ਼ਤ ਵੀ ਜਾਰੀ ਕੀਤੀ। ਪ੍ਰਧਾਨ ਮੰਤਰੀ ਨੇ 9.8 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 22,000 ਕਰੋੜ ਰੁਪਏ ਟ੍ਰਾਂਸਫਰ ਕੀਤੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪਵਿੱਤਰ ਸਮੇਂ ਵਿੱਚ ਮੈਨੂੰ PM ਕਿਸਾਨ ਨਿਧੀ ਦੀ ਇੱਕ ਹੋਰ ਕਿਸ਼ਤ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਭੇਜਣ ਦਾ ਸ਼ੁੱਭ ਮੌਕਾ ਮਿਲਿਆ ਹੈ। ਕਰੀਬ 22 ਹਜ਼ਾਰ ਕਰੋੜ ਰੁਪਏ ਇੱਕ ਕਲਿੱਕ ‘ਤੇ ਦੇਸ਼ ਭਰ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਲਾਲ ਕਿਲ੍ਹੇ ਤੋਂ ਕਿਹਾ ਹੈ ਕਿ ਵਿਕਸਤ ਭਾਰਤ ਦੇ ਚਾਰ ਮਜ਼ਬੂਤ ਥੰਮ੍ਹ ਹਨ। ਇਹ ਥੰਮ੍ਹ ਗਰੀਬ, ਕਿਸਾਨ, ਔਰਤਾਂ ਤੇ ਨੌਜਵਾਨ ਹਨ। ਐਨਡੀਏ ਸਰਕਾਰ ਭਾਵੇਂ ਕੇਂਦਰ ਵਿੱਚ ਹੋਵੇ ਜਾਂ ਪ੍ਰਦੇਸ਼ ਵਿੱਚ ਕਿਸਾਨ ਭਲਾਈ ਸਾਡੀ ਤਰਜੀਹ ਹੈ। PM ਨੇ ਕਿਹਾ ਕਿ ਮਹਾਂਕੁੰਭ ਸਮੇਂ ਮੰਦਰਾਚਲ ਦੀ ਇਸ ਧਰਤੀ ‘ਤੇ ਆਉਣਾ ਇੱਕ ਵੱਡਾ ਸਨਮਾਨ ਹੈ। ਇਸ ਧਰਤੀ ਵਿੱਚ ਵਿਸ਼ਵਾਸ, ਵਿਰਾਸਤ ਤੇ ਇੱਕ ਵਿਕਸਤ ਭਾਰਤ ਦੀ ਸਮਰੱਥਾ ਹੈ। ਇਹ ਸ਼ਹੀਦ ਤਿਲਕਾ ਮਾਂਝੀ ਦੀ ਧਰਤੀ ਹੈ ਤੇ ਸਿਲਕ ਸਿਟੀ ਵੀ ਹੈ।ਪ੍ਰਧਾਨ ਮੰਤਰੀ ਮੋਦੀ ਨਾਲ ਬਿਹਾਰ ਦੇ CM ਨਿਤੀਸ਼ ਕੁਮਾਰ, ਸੰਸਦ ਮੈਂਬਰ ਗਿਰੀਰਾਜ ਸਿੰਘ, ਕੇਂਦਰੀ ਮੰਤਰੀ ਚਿਰਾਗ ਪਾਸਵਾਨ, ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਤੇ ਬਿਹਾਰ ਭਾਜਪਾ ਪ੍ਰਧਾਨ ਦਿਲੀਪ ਜੈਸਵਾਲ ਤੇ ਬਿਹਾਰ ਸਰਕਾਰ ਦੇ ਮੰਤਰੀ ਮੰਗਲ ਪਾਂਡੇ ਸਟੇਜ ‘ਤੇ ਮੌਜੂਦ ਹਨ।
ਡੀਡੀਸੀ ਤੇ ਜੇਡੀਯੂ ਆਗੂ ਵਿਚਕਾਰ ਬਹਿਸ
ਵੀਵੀਆਈਪੀ ਗੈਲਰੀ ਵਿੱਚ ਬੈਠੇ ਲੋਕਾਂ ਸਾਹਮਣੇ ਆਉਣ ‘ਤੇ ਭਾਗਲਪੁਰ ਡੀਡੀਸੀ ‘ਤੇ ਕੁਝ ਲੋਕ ਗੁੱਸੇ ਹੋਏ। ਇਸ ਦੌਰਾਨ ਡੀਡੀਸੀ ਪ੍ਰਦੀਪ ਕੁਮਾਰ ਸਿੰਘ ਤੇ ਜੇਡੀਯੂ ਮਹਿਲਾ ਸੈੱਲ ਦੀ ਸੂਬਾ ਜਨਰਲ ਸਕੱਤਰ ਅਰਪਨਾ ਕੁਮਾਰੀ ਵਿਚਕਾਰ ਤਿੱਖੀ ਬਹਿਸ ਹੋਈ।



