ਜੰਗਲੀ ਕਬੂਤਰਾਂ ਦਾ ਸ਼ਿਕਾਰ ਕਰਨ ਵਾਲੇ ਮੁਲਜ਼ਮ ਕਾਬੂ, ਹੈਲਪ ਫੌਰ ਐਨੀਮਲ ਸੰਸਥਾ ਦੇ ਦਖ਼ਲ ਮਗਰੋਂ ਬਾਅਦ ਪੁਲਿਸ ਨੇ ਕੀਤੀ ਕਾਰਵਾਈ

ਲੁਧਿਆਣਾ, 23 ਫਰਵਰੀ- ਮਾਸ ਖਾਣ ਲਈ ਜੰਗਲੀ ਕਬੂਤਰਾਂ ਦਾ ਸ਼ਿਕਾਰ ਕਰਨ ਵਾਲੇ 2 ਵਿਅਕਤੀਆਂ ਨੂੰ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ । ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਮਾਰੇ ਗਏ ਕਈ ਕਬੂਤਰ ਵੀ ਬਰਾਮਦ ਕੀਤੇ ਹਨ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਇਹ ਕਾਰਵਾਈ ਹੈਲਪ ਫੋਰ ਐਨੀਮਲਜ ਸੰਸਥਾ ਦੇ ਪ੍ਰਧਾਨ ਮਨੀ ਸਿੰਘ ਦੀ ਸ਼ਿਕਾਇਤ ਤੇ ਕੀਤੀ । ਜਾਣਕਾਰੀ ਦਿੰਦਿਆਂ ਮਨੀ ਸਿੰਘ ਨੇ ਦੱਸਿਆ ਕਿ ਸਾਹਨੇਵਾਲ ਇਲਾਕੇ ਚੋਂ ਉਨ੍ਹਾਂ ਨੂੰ ਕਿਸੇ ਐਨੀਮਲ ਐਕਟੀਵਿਸਟ ਦਾ ਫੋਨ ਆਇਆ ਕਿ ਡਰੀਮ ਸਿਟੀ ਵਿੱਚ ਕੁਝ ਪ੍ਰਵਾਸੀ ਵਿਅਕਤੀ ਮਾਸ ਖਾਣ ਲਈ ਜੰਗਲੀ ਕਬੂਤਰਾਂ ਦਾ ਸ਼ਿਕਾਰ ਕਰਦੇ ਹਨ । ਐਨੀਮਲ ਐਕਟੀਵਿਸਟ ਨੇ ਬਕਾਇਦਾ ਇੱਕ ਵੀਡੀਓ ਵੀ ਭੇਜੀ ਜਿਸ ਵਿੱਚ ਇਹ ਸਾਫ਼ ਦਿਖਾਈ ਦੇ ਰਿਹਾ ਸੀ ਕਿ ਬੋਰੀ ਵਿੱਚ ਕਈ ਕਬੂਤਰ ਸਨ । ਮਨੀ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਰੇਲਵੇ ਫਾਟਕ ਦੇ ਕੋਲ ਪੈਂਦੀ ਡ੍ਰੀਮ ਸਿਟੀ ਕਲੋਨੀ ਵਿੱਚ ਦਬਿਸ਼ ਦੇ ਕੇ ਬਿਹਾਰ ਦੇ ਗਾਜ਼ੀਘਾਟ ਇਲਾਕੇ ਦੇ ਰਹਿਣ ਵਾਲੇ ਬਲਰਾਮ ਅਤੇ ਡਰੀਮ ਸਿਟੀ ਕੁਹਾੜਾ ਰੋਡ ਦੇ ਵਾਸੀ ਅਸ਼ੀਸ਼ ਸ਼ਰਮਾ ਨੂੰ ਹਿਰਾਸਤ ਵਿੱਚ ਲਿਆ । ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਹੋਰ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।



