ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਗਵਾਹੀ ਦੇਣ ਨਹੀਂ ਪਹੁੰਚ ਰਹੀ ਮਹਿਲਾ ਕੋਚ
19 ਫਰਵਰੀ 'ਤੇ ਟਿਕੀਆਂ ਨਜ਼ਰਾਂ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 12 ਫਰਵਰੀ : ਹਰਿਆਣਾ ਦੇ ਸਾਬਕਾ ਖੇਡ ਮੰਤਰੀ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਖ਼ਿਲਾਫ਼ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਇਕ ਔਰਤ ਅਥਲੀਟ ਨਾਲ ਛੇੜਛਾੜ ਦਾ ਮਾਮਲਾ ਚੱਲ ਰਿਹਾ ਹੈ। ਇਸ ਮਾਮਲੇ ’ਚ ਲਗਪਗ ਡੇਢ ਸਾਲ ਪਹਿਲਾਂ ਅਦਾਲਤ ਵੱਲੋਂ ਸੰਦੀਪ ਸਿੰਘ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਗਏ ਸਨ ਪਰ ਅਜੇ ਤੱਕ ਪੀੜਤਾ ਦੀ ਗਵਾਹੀ ਦਰਜ ਨਹੀਂ ਹੋ ਸਕੀ। ਪਿਛਲੇ ਕਰੀਬ ਸੱਤ ਮਹੀਨਿਆਂ ਤੋਂ ਕੇਸ ਪੀੜਤਾ ਦੀ ਗਵਾਹੀ ਕਾਰਨ ਲਟਕਿਆ ਹੋਇਆ ਹੈ। ਅਦਾਲਤ ਵੱਲੋਂ ਕਈ ਵਾਰ ਸੰਮਨ ਜਾਰੀ ਕਰ ਕੇ ਪੀੜਤਾ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਪਰ ਹਰ ਵਾਰ ਕਿਸੇ ਨਾ ਕਿਸੇ ਕਾਰਨ ਪੇਸ਼ੀ ਤੋਂ ਛੋਟ ਲਈ ਜਾਂਦੀ ਰਹੀ। ਪਿਛਲੇ ਮਹੀਨੇ ਵੀ ਸੁਣਵਾਈ ਦੌਰਾਨ ਪੀੜਤਾ ਦੇ ਵਕੀਲ ਵੱਲੋਂ ਹਾਜ਼ਰੀ ਤੋਂ ਛੋਟ ਦੀ ਅਰਜ਼ੀ ਦਿੱਤੀ ਗਈ ਸੀ। ਇਸ ’ਤੇ ਵਧੀਕ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਰਾਹੁਲ ਗਰਗ ਨੇ ਆਖ਼ਰੀ ਮੌਕਾ ਦਿੰਦਿਆਂ ਕਿਹਾ ਸੀ ਕਿ ਅਗਲੀ ਵਾਰ ਪੀੜਤਾ ਨੂੰ ਅਦਾਲਤ ਵਿਚ ਹਾਜ਼ਰ ਹੋਣਾ ਲਾਜ਼ਮੀ ਹੋਵੇਗਾ ਅਤੇ ਹੋਰ ਛੋਟ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਅਗਲੀ ਤਰੀਕ ’ਤੇ ਪੀੜਤਾ ਦੇ ਵਕੀਲ ਨੇ ਕੇਸ ਨੂੰ ਦੂਜੇ ਜੱਜ ਕੋਲ ਟ੍ਰਾਂਸਫਰ ਕਰਨ ਲਈ ਅਰਜ਼ੀ ਦੇ ਦਿੱਤੀ। ਮਹਿਲਾ ਨੇ ਜੱਜ ’ਤੇ ਪੱਖਪਾਤ ਦੇ ਦੋਸ਼ ਵੀ ਲਗਾਏ ਸਨ। ਇਹ ਅਰਜ਼ੀ 9 ਫਰਵਰੀ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਮਨਜ਼ੂਰ ਕਰ ਲਈ ਗਈ ਅਤੇ ਮਾਮਲਾ ਟਰਾਂਸਫਰ ਕਰ ਦਿੱਤਾ ਗਿਆ। ਹੁਣ ਇਸ ਕੇਸ ਦੀ ਸੁਣਵਾਈ 19 ਫ਼ਰਵਰੀ ਨੂੰ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਸਚਿਨ ਯਾਦਵ ਦੀ ਅਦਾਲਤ ਵਿਚ ਹੋਵੇਗੀ।
ਇਹ ਹੈ ਮਾਮਲਾ
ਦੋ ਸਾਲ ਪਹਿਲਾਂ ਹਰਿਆਣਾ ਖੇਡ ਵਿਭਾਗ ਦੀ ਇਕ ਅਥਲੈਟਿਕਸ ਕੋਚ ਨੇ ਸਾਬਕਾ ਮੰਤਰੀ ਸੰਦੀਪ ਸਿੰਘ ’ਤੇ ਛੇੜਛਾੜ ਦੇ ਦੋਸ਼ ਲਗਾਏ ਸਨ। ਉਸ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਪੁਲਿਸ ਨੇ ਸੰਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਐੱਫਆਈਆਰ ਦਰਜ ਹੋਣ ਤੋਂ ਬਾਅਦ ਸੰਦੀਪ ਸਿੰਘ ਨੇ ਖੇਡ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸ਼ਿਕਾਇਤ ਅਨੁਸਾਰ ਪਹਿਲੀ ਜੁਲਾਈ 2022 ਨੂੰ ਸੰਦੀਪ ਸਿੰਘ ਨੇ ਮਹਿਲਾ ਕੋਚ ਨੂੰ ਸੈਕਟਰ-7 ਸਥਿਤ ਆਪਣੇ ਸਰਕਾਰੀ ਨਿਵਾਸ ’ਤੇ ਬੁਲਾਇਆ ਸੀ, ਜਿੱਥੇ ਉਸ ਨਾਲ ਛੇੜਛਾੜ ਕੀਤੀ ਗਈ ਅਤੇ ਉਸ ਦੇ ਕੱਪੜੇ ਵੀ ਪਾੜੇ ਗਏ। ਇਸ ਤੋਂ ਬਾਅਦ ਮਹਿਲਾ ਨੇ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਅਧਾਰ ’ਤੇ ਮਾਮਲਾ ਦਰਜ ਕੀਤਾ ਗਿਆ।



