ਬੇ-ਮੌਸਮੀ ਮੀਂਹ ਅਤੇ ਗੜ੍ਹੀਆਂ ਨੇ ਕੀਤੀ ਕਣਕ ਦੀ ਫਸਲ ਤਬਾਹ
ਸਰਕਾਰ ਕਿਸਾਨਾਂ ਨੂੰ 40 ਹਜ਼ਾਰ ਪ੍ਰਤੀ ਏਕੜ ਮੁਆਵਜ਼ੇ ਦੇਵੇ :- ਪਿੰਕੀ

ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ
ਫਿਰੋਜ਼ਪੁਰ, 4 ਅਪ੍ਰੈਲ : ਪੰਜਾਬ ਭਰ ਵਿੱਚ ਹੋ ਰਹੀਆਂ ਅਚਾਨਕ ਬੇ-ਮੌਸਮੀ ਬਾਰਿਸ਼ਾਂ, ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਨੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾ ਕਿਸਾਨਾਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਹਨ । ਵਿਗੜ੍ਹੇ ਮੋਸਮੀ ਮਿਜਾਜਾਂ ਕਾਰਣ ਬਹੁਤੇ ਖੇਤਾਂ ਵਿੱਚ ਕਣਕ ਧਰਤੀ ‘ਤੇ ਵਿਛ ਗਈ ਹੈ ਅਤੇ ਉਪਰੋ ਦੇ ਪਾਣੀ ਫਿਰਨ ਕਾਰਨ ਫਸਲ ਦੀ ਗੁਣਵੱਤਾ ਅਤੇ ਉਪਜ ਦੋਵਾਂ ‘ਤੇ ਗੰਭੀਰ ਅਸਰ ਪੈਣ ਦਾ ਖਤਰਾ ਬਣ ਗਿਆ ਹੈ । ਜਿਸ ਨਾਲ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਦੀਆਂ ਭਵਿੱਖ ਪ੍ਰਤੀ ਚਿੰਤਾਵਾਂ ਵਿੱਚ ਹੋਰ ਵਾਧਾ ਹੋ ਗਿਆ ਹੈ । ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੂਬਾਈ ਆਗੂ ਅਤੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਇਸ ਸਥਿਤੀ ‘ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਹੀ ਕਰਜ਼ੇ ਹੇਠ ਦਬੇ ਕਿਸਾਨਾਂ ਲਈ ਇਹ ਕੁਦਰਤੀ ਆਫ਼ਤ ਵੱਡੀ ਮਾਰ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਕੱਟਣ ਲਈ ਤਿਆਰ ਸੀ, ਪਰ ਲਗਾਤਾਰ ਪੈ ਰਹੇ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਮਿਹਨਤ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੱਧ ਨਮੀ ਕਾਰਨ ਕਣਕ ਦੀਆਂ ਬੱਲੀਆਂ ਕਾਲੀਆਂ ਪੈਣ ਲੱਗੀਆਂ ਹਨ, ਜਿਸ ਨਾਲ ਮੰਡੀ ਵਿੱਚ ਫਸਲ ਦੀ ਕੀਮਤ ਵੀ ਘਟਣ ਦਾ ਡਰ ਹੈ। ਪਿੰਕੀ ਨੇ ਕਿਹਾ ਕਿ “ਕਿਸਾਨ ਆਪਣੀ ਫਸਲ ਨੂੰ ਪੁੱਤਾਂ ਵਾਂਗ ਪਾਲਦਾ ਹੈ, ਪਰ ਮੌਸਮ ਦੀ ਮਾਰ ਨੇ ਉਸਦੀ ਸਾਰੀ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ। ਪਿੰਕੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਮਾਲ ਅਧਿਕਾਰੀਆਂ ਦੀਆਂ ਖਾਸ ਡਿਊਟੀਆਂ ਲਗਾਈਆਂ ਜਾਣ ਤਾਂ ਜੋ ਨੁਕਸਾਨ ਦਾ ਸਹੀ ਅੰਦਾਜ਼ਾ ਲਗਾਇਆ ਜਾ ਸਕੇ। ਕਿਸਾਨੀ ਦੁੱਖ ਦਰਦ ਨੂੰ ਬਿਆਨ ਕਰਦਿਆਂ ਪਰਮਿੰਦਰ ਸਿੰਘ ਪਿੰਕੀ ਸਾਬਕਾ ਵਿਧਾਇਕ ਨੇ ਸਰਕਾਰ ਪਾਸੋ ਮੰਗ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਨੂੰ ਘੱਟੋ-ਘੱਟ 40,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਬਲਾਕ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਅਟਾਰੀ, ਨਗਰ ਕੌਂਸਲ ਪ੍ਰਧਾਨ ਰੋਹਿਤ ਗਰੋਵਰ, ਜ਼ਿਲ੍ਾ ਪਰਿਸ਼ਦ ਮੈਂਬਰ ਬਲਵੀਰ ਸਿੰਘ ਬਾਠ, ਕਿਸਾਨ ਸੈੱਲ ਪ੍ਰਧਾਨ ਗੁਰਨੇਬ ਸਿੰਘ, ਕਾਂਗਰਸ ਯੂਥ ਜ਼ਿਲ੍ਾ ਪ੍ਰਧਾਨ ਯਾਕੂਬ ਭੱਟੀ,ਵਿਜੇ ਗੋਰੀਆ , ਸਰਪੰਚ ਜਿੰਦਰ ਸਿੰਘ, ਸਰਪੰਚ ਕੁਲਬੀਰ ਸਿੰਘ, ਕਰਮਾ ਖਾਈ, ਰੁਪਿੰਦਰ ਖਾਈ, ਸਰਪੰਚ ਸੁਰਜੀਤ, ਸਰਪੰਚ ਸੰਦੀਪ ਸਿੰਘ, ਰਵੀ ਤਾਈਲ, ਰਾਜਾ ਪ੍ਰਧਾਨ, ਜਸ਼ਨ ਖਾਈ, ਸੁਖਪਾਲ ਸਿੰਘ, ਮਲਕੀਤ ਸਿੰਘ, ਸਰਵਨ ਸਿੰਘ ਨੰਬਰਦਾਰ, ਯਾਦਵਿੰਦਰ ਸਿੰਘ ਆਦੀ ਨੇ ਕਿਸਾਨਾਂ ਦੇ ਮੌਜੂਦਾ ਹਲਾਤ ਬਿਆਨ ਕਰਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਵਿਸ਼ੇਸ਼ ਗਿਰਦਾਵਰੀ ਕਰਵਾਓ ਮਾਲ ਅਧਿਕਾਰੀਆਂ ਨੂੰ ਤੁਰੰਤ ਹੁਕਮ ਕਰੋ ਕਿ ਉਹ ਖੇਤ ਖੇਤ ਜਾ ਕੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਤਾਂ ਜੋ ਹਨੇਰੇ ਵੱਲ ਧੱਕੇ ਗਏ ਕਿਸਾਨਾਂ ਦੀ ਮਾਲੀ ਮਦਦ ਲਈ ਹਜ਼ਾਰਾਂ ਰੁਪਏ ਦੇ ਮੁਆਵਜਾ ਦਿੱਤਾ ਜਾਂ ਸਕੇ ।



