Punjab

ਨਵੀਨ ਅਰੋੜਾ ਦੇ ਕਤਲ ਤੋਂ 3 ਮਹੀਨੇ ਬਾਅਦ ਵੀ ਨਹੀਂ ਪਤਾ ਲੱਗ ਸਕੀ ਕਤਲ ਦੀ ਵਜ੍ਹਾ ਤੇ ਸਾਜਿਸ਼ਕਰਤਾ ਬਾਰੇ

ਬਾਲ ਕਿਸ਼ਨ

ਫਿਰੋਜ਼ਪੁਰ : 15 ਨਵੰਬਰ 2025 ਨੂੰ ਸਰੇ ਬਜ਼ਾਰ ਕਤਲ ਕਰ ਦਿੱਤੇ ਗਏ ਆਰਐੱਸਐੱਸ ਆਗੂ ਦੇ ਪੋਤੇ ਨਵੀਨ ਅਰੋੜਾ ਦੇ ਕਤਲ ਤੋਂ 3 ਮਹੀਨੇ ਬਾਅਦ ਵੀ ‘ਕਤਲ ਦੀ ਵਜ਼੍ਹਾ ਅਤੇ ਸਾਜ਼ਿਸ਼ ਘਾੜੇ’ ਸਬੰਧੀ ਕੁੱਝ ਵੀ ਪਤਾ ਨਾ ਲੱਗਣ ਤੋਂ ਦੁਖੀ ਨਵੀਨ ਅਰੋੜਾ ਦੇ ਪਿਤਾ ਬਲਦੇਵ ਕ੍ਰਿਸ਼ਨ ਅਰੋੜਾ ਅਤੇ ਭਾਜਪਾ ਆਗੂਆਂ ਨੇ ਬੁੱਧਵਾਰ ਨੂੰ ਸਥਾਨਕ ਪੁਲਿਸ ਹੈਡਕੁਆਰਟਰ ਪਹੁੰਚ ਕੇ ਜ਼ਿਲ੍ਹਾ ਪੁਲਿਸ ਮੁਖੀ ਨਾਲ ਮੁਲਾਕਾਤ ਕਰਦਿਆਂ ਮੰਗ ਪੱਤਰ ਸੌਂਪਿਆ। ਇਸ ਮੌਕੇ ਭਾਜਪਾ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗਰੋਵਰ, ਸਾਬਕਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ, ਸਾਬਕਾ ਕੌਂਸਲਰ ਲਾਲੋ ਹਾਂਡਾ, ਅਸ਼ਵਨੀ ਧਵਨ ਨਗਰ ਸੰਘ ਚਾਲਕ, ਅਨਿਲ ਆਨੰਦ, ਅਜੇ ਤੁੱਲੀ, ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਆਦਿ ਸ਼ਾਮਲ ਸਨ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਨੂੰ ਮਿਲ ਕੇ ਭਾਜਪਾ ਆਗੂਆਂ ਨੇ ਮੰਗ ਕਿ ਇਕ ਤਾਂ ਮੁੱਖ ਸਾਜ਼ਿਸ਼ ਘਾੜੇ ਨੂੰ ਫੜਿਆ ਜਾਵੇ ਅਤੇ ਉਨ੍ਹਾਂ ਨੂੰ ਕਤਲ ਦੀ ਵਜ਼੍ਹਾ ਤਾਂ ਦੱਸੀ ਜਾਵੇ। ਪਰਿਵਾਰਕ ਮੈਂਬਰਾਂ ਅਤੇ ਸ਼ਹਿਰ ਦੇ ਆਗੂਆਂ ਨੇ ਚਿੰਤਾ ਪ੍ਰਗਟਾਈ ਕਿ ਮੁੱਖ ਮੁਲਜ਼ਮ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਦੂਰ ਹਨ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਨਵੀਨ ਇੱਕ ਸ਼ਰੀਫ਼ ਅਤੇ ਭਗਤੀ ਵਾਲਾ ਨੌਜਵਾਨ ਸੀ, ਜਿਸ ਦੇ ਜਾਣ ਨਾਲ ਉਸ ਦੇ ਦੋ ਛੋਟੇ ਬੱਚੇ ਅਤੇ ਮਾਤਾ-ਪਿਤਾ ਬੇਸਹਾਰਾ ਹੋ ਗਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੇ ਕਿਤੇ ਜ਼ਹਿਰੀਲੀ ਸ਼ਰਾਬ ਨਾਲ ਲੋਕ ਮਰ ਜਾਂਦੇ ਹਨ ਤਾਂ ਸਰਕਾਰ ਲੱਖਾਂ ਰੁਪਏ ਅਤੇ ਸਰਕਾਰੀ ਨੌਕਰੀ ਦਿੰਦੀ ਹੈ ,ਪਰ ਨਵੀਨ ਅਰੋੜਾ ਦੇ ਪਰਿਵਾਰ ਨੂੰ ਕੋਈ ਮਾਲੀ ਮਦਦ ਨਹੀਂ ਦਿੱਤੀ ਗਈ । ਉਨ੍ਹਾਂ ਮੰਗ ਕੀਤੀ ਕਿ ਨਵੀਨ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ। 15 ਨਵੰਬਰ ਨੂੰ ਮੋਚੀ ਬਜ਼ਾਰ ’ਚ ਹੋਇਆ ਸੀ ਨਵੀਨ ਦਾ ਕਤਲ ਜ਼ਿਕਰਯੋਗ ਹੈ ਕਿ ਸੀਨੀਅਰ ਆਰਐਸਐਸ ਨੇਤਾ ਮਰਹੂਮ ਦੀਨਾਨਾਥ ਅਰੋੜਾ ਦੇ ਪੋਤੇ ਅਤੇ ਬਲਦੇਵ ਕ੍ਰਿਸ਼ਨ ਅਰੋੜਾ ਦੇ ਸਪੁੱਤਰ ਨਵੀਨ ਅਰੋੜਾ ਦੀ 15 ਨਵੰਬਰ 2025 ਦੀ ਸ਼ਾਮ ਨੂੰ ਫਿਰੋਜ਼ਪੁਰ ਸ਼ਹਿਰ ਦੇ ਮੋਚੀ ਬਾਜ਼ਾਰ ਇਲਾਕੇ ਵਿੱਚ ਉਸ ਵੇਲੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਦੁਕਾਨ ਤੋਂ ਘਰ ਜਾ ਰਹੇ ਸਨ । ਇਸ ਮਾਮਲੇ ਵਿੱਚ ਪੁਲਿਸੀਆ ਕਾਰਵਾਈਆਂ ਦੌਰਾਨ ਇਕ ਸ਼ੂਟਰ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਸੀ ,ਜਦਕਿ ਇਕ ਦੇ ਗੋਡੇ ਵਿਚ ਗੋਲੀ ਵੱਜਣ ਨਾਲ ਜਖ਼ਮੀ ਹੋਣ ਮਗਰੋਂ ਗ੍ਰਿਫਤਾਰੀ ਹੋਈ ਸੀ । ਇਸ ਤੋਂ ਇਲਾਵਾ ਇਸ ਮਾਮਲੇ ਵਿਚ ਪੁਲਿਸ ਨੇ ਚਾਰ ਮੁਲਜ਼ਮਾਂ ਹਰਸ਼, ਕਨਵ ਉਰਫ਼ ਕੰਨੂ, ਗੁਰਸਿਮਰਨ ਸਿੰਘ ਉਰਫ਼ ਕਾਲੀ ਅਤੇ ਜਗਦੀਪ ਸਿੰਘ ਉਰਫ਼ ਜੱਗੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਹੱਤਿਆ ਦੇ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਮਾਮਲੇ ਦੇ ਮੁੱਖ ਸਾਜ਼ਿਸ਼ਘਾੜੇ ਅਤੇ ਕਾਤਲ ਅਜੇ ਤੱਕ ਫ਼ਰਾਰ ਹਨ। ਜੇ ਪੰਜਾਬ ਪੁਲਿਸ ਦੇ ਵੱਸੋਂ ਬਾਹਰ ਹੈ ਤਾਂ ਕੇਂਦਰੀ ਏਜੰਸੀਆਂ ਨੂੰ ਸੌਂਪਿਆ ਜਾਵੇ ਕੇਸ : ਭਾਜਪਾ ਆਗੂ ਇਸ ਮqਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂਆਂ ਨੇ ਦੱਸਿਆ ਕਿ ਨਵੀਨ ਦੇ ਕਤਲ ਮਗਰੋਂ ਇੱਕ ਅਖੌਤੀ ਖਾਲਿਸਤਾਨੀ ਸੰਗਠਨ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਜਿੰਮੇਵਾਰੀ ਲਈ ਗਈ ਸੀ। ਪਰ ਪੁਲਿਸ ਵੱਲੋਂ ਇਸ ਸਬੰਧੀ ਕੋਈ ਖੁਲਾਸਾ ਨਹੀਂ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਪਤਵੰਤਿਆਂ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਮੁਖੀ ਤੋਂ ਮੰਗ ਕੀਤੀ ਕਿ ਘੱਟ ਤੋਂ ਘੱਟ ਕਤਲ ਦੇ ਅਸਲ ਕਾਰਨਾਂ ਦਾ ਤਾਂ ਖੁਲਾਸਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਮੁਤਾਬਿਕ ਕਾਤਲ ਵਿਦੇਸ਼ਾਂ ਵਿਚ ਬੈਠੇ ਹਨ। ਉਨ੍ਹਾਂ ਆਖਿਆ ਕਿ ਜੇਕਰ ਪੰਜਾਬ ਪੁਲਿਸ ਮੁਲਜ਼ਮਾਂ ਨੂੰ ਫੜਨ ਵਿੱਚ ਅਸਮਰੱਥ ਹੈ, ਤਾਂ ਇਹ ਕੇਸ ਕੇਂਦਰੀ ਏਜੰਸੀਆਂ ਨੂੰ ਸੌਂਪਿਆ ਜਾਵੇ।

Related Articles

Leave a Reply

Your email address will not be published. Required fields are marked *

Back to top button