ਸਲੇਮ ਟਾਬਰੀ ‘ਚ ਔਰਤ ਦੀ ਹੱਤਿਆ ਕਰਨ ਵਾਲਾ ਆਇਆ ਪੁਲਿਸ ਅੜਿੱਕੇ, ਪੈਸਿਆਂ ਦੇ ਲੈਣ-ਦੇਣ ਦੇ ਚੱਕਰ ‘ਚ ਕੀਤੀ ਸੀ ਵਾਰਦਾਤ

ਲੁਧਿਆਣਾ, 6 ਜੁਲਾਈ : ਸਲੇਮ ਟਾਬਰੀ ਇਲਾਕੇ ਵਿੱਚ ਔਰਤ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਗਰੇਵਾਨ ਨੇ ਦੱਸਿਆ ਕਿ ਬੀਤੇ ਦਿਨੀ 21 ਜੂਨ ਨੂੰ ਸਲੇਮ ਟਾਬਰੀ ਨਿਊ ਕਰਤਾਰ ਨਗਰ ਵਿੱਚ ਘਰ ਵਿੱਚ ਇਕੱਲੀ ਔਰਤ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਉਸਦੀ ਭਾਲ ਕੀਤੀ ਜਾ ਰਹੀ ਸੀ। ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰੀਆਂ ਦੀ ਮਦਦ ਲਈ ਜਾ ਰਹੀ ਸੀ ਜਿਸ ਤੋਂ ਬਾਅਦ ਬੀਤੇ ਸ਼ਨੀਵਾਰ ਨੂੰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸੋਨਮ ਜੈਨ ਵਿਆਜ ਤੇ ਪੈਸੇ ਲੈਣ ਦੇਣ ਦਾ ਕੰਮ ਕਰਦੀ ਸੀ ਤੇ ਮੁਲਜ਼ਮ ਦੀ ਮਾਂ ਨੂੰ ਵਿਆਜ ‘ਤੇ ਪੈਸੇ ਦਿੱਤੇ ਹੋਏ ਸਨ ਜਿਸਦੀਆਂ ਕਈ ਕਿਸ਼ਤਾਂ ਟੁੱਟ ਜਾਣ ਕਾਰਨ ਮ੍ਰਿਤਕ ਨੇ ਮੁਲਜ਼ਮ ਤੇ ਉਸਦੀ ਮਾਤਾ ਨੂੰ ਮਾੜਾ ਚੰਗਾ ਬੋਲਿਆ ਸੀ ਜਿਸ ਕਾਰਨ ਉਸਨੇ ਸੋਨਮ ਜੈਨ ਦਾ ਕਤਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੰਜੀਵ ਕੁਮਾਰ ਉਰਫ ਕਾਕੂ ਵਾਸੀ 30 ਫੁੱਟੀ ਰੋਡ ਸਲੇਮ ਟਾਬਰੀ ਵੱਜੋਂ ਹੋਈ ਹੈ ਜਿਸ ਨੂੰ ਜਲਦ ਹੀ ਅਦਾਲਤ ‘ਚ ਪੇਸ਼ ਕਰਾ ਕੇ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।



