Punjab

4 ਵੈਟਰਨਰੀ ਡਾਕਟਰ ਬਰਖ਼ਾਸਤ, ਛੇ ਹੋਰਾਂ ਦੀ ਤਿਆਰੀ; ਲੰਬੇ ਸਮੇਂ ਤੋਂ ਚੱਲ ਰਹੇ ਸਨ ਗ਼ੈਰ ਹਾਜ਼ਰ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 26 ਅਪ੍ਰੈਲ-ਲੰਬੇ ਸਮੇਂ ਤੋਂ ਗ਼ੈਰ ਹਾਜ਼ਰ ਚੱਲ ਰਹੇ ਵੈਟਰਨਰੀ ਡਾਕਟਰਾਂ ਖਿਲਾਫ਼ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਨੇ ਸਖ਼ਤ ਕਾਰਵਾਈ ਆਰੰਭ ਦਿੱਤੀ ਹੈ। ਵਿਭਾਗ ਨੇ ਅਜਿਹੇ ਚਾਰ ਡਾਕਟਰਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ ਤੇ ਛੇ ਹੋਰਾਂ ਨੂੰ ਬਰਖ਼ਾਸਤ ਕਰਨ ਦਾ ਫੈਸਲਾ ਲਿਆ ਜਾ ਚੁੱਕਾ ਹੈ। ਇਸ ਸਬੰਧੀ ਕਿਸੇ ਵੇਲੇ ਵੀ ਹੁਕਮ ਜਾਰੀ ਹੋ ਸਕਦਾ ਹੈ। ਵਿਭਾਗੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਡਾਕਟਰ ਵਿਦੇਸ਼ ਜਾਂ ਫਿਰ ਕਿਸੇ ਹੋਰ ਸੂਬੇ ’ਚ ਚਲੇ ਗਏ ਹਨ। ਆਸਟ੍ਰੇਲੀਆ, ਨਿਊਜੀਲੈਂਡ, ਕਨੈਡਾ ’ਚ ਪਸ਼ੂਆਂ ਦੇ ਡਾਕਟਰਾਂ ਦੀ ਬਹੁਤ ਪੁੱਛ ਹੈ। ਇਸ ਦੇ ਨਾਲ ਹੀ ਗੁਆਂਢੀ ਸੂਬੇ ਹਰਿਆਣਾ ’ਚ ਵੀ ਵੈਟਰਨਰੀ ਡਾਕਟਰਾਂ ਦੀ ਤਨਖ਼ਾਹ ਪੰਜਾਬ ਨਾਲੋਂ ਵੱਧ ਹੈ। ਵਿਦੇਸ਼ੀ ਚਕਾਚੌਂਧ ਤੇ ਮੋਟੀ ਕਮਾਈ ਦੇ ਚੱਕਰ ’ਚ ਇਹ ਡਾਕਟਰ ਵਿਭਾਗ ਤੋਂ ਛੁੱਟੀ ਲੈ ਕੇ ਇਨ੍ਹਾਂ ਥਾਵਾਂ ’ਤੇ ਚਲੇ ਜਾਂਦੇ ਹਨ। ਇਸ ਹਾਲਤ ’ਚ ਜਦੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਪੜਤਾਲ ਸ਼ੁਰੂ ਕੀਤੀ ਤਾਂ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ। ਵਿਭਾਗੀ ਸੂਤਰਾਂ ਮੁਤਾਬਕ 59 ਅਜਿਹੇ ਪਸ਼ੂ ਡਾਕਟਰ ਹਨ ਜੋ ਲੰਬੇ ਸਮੇਂ ਤੋਂ ਛੁੱਟੀ ’ਤੇ ਸਨ। ਵਿਭਾਗ ਨੇ ਵਾਰ-ਵਾਰ ਇਨ੍ਹਾਂ ਨੂੰ ਡਿਊਟੀ ’ਤੇ ਹਾਜ਼ਰ ਹੋਣ ਦੀ ਬੇਨਤੀ ਕੀਤੀ, ਪਰ ਇਹ ਹਾਜ਼ਰ ਨਹੀਂ ਹੋਏ। ਇਸ ਹਾਲਤ ’ਚ ਵਿਭਾਗ ਨੇ 13 ਡਾਕਟਰਾਂ ਵਿਰੁੱਧ ਵਿਭਾਗੀ ਕਾਰਵਾਈ ਲਈ ਪੜਤਾਲੀਆ ਅਫ਼ਸਰ ਨਿਯੁਕਤ ਕਰ ਦਿੱਤੇ। ਸੱਤ ਖ਼ਿਲਾਫ਼ ਪੜਤਾਲੀਆ ਰਿਪੋਰਟ ਮੁਕੰਮਲ ਹੋ ਚੁੱਕੀ ਹੈ। ਇਸੇ ਦੇ ਆਧਾਰ ’ਤੇ ਚਾਰ ਡਾਕਟਰਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ ਜਦਕਿ ਛੇ ਹੋਰ ਖ਼ਿਲਾਫ਼ ਕਾਰਵਾਈ ਦੀ ਤਿਆਰੀ ਚੱਲ ਰਹੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਸ਼ੂ ਪਾਲਣ ਵਿਭਾਗ ਕੋਲ ਪਹਿਲਾਂ ਹੀ ਵੈਟਰਨਰੀ ਡਾਕਟਰਾਂ ਦੀ ਘਾਟ ਹੈ। ਵਿਭਾਗ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ 450 ਵੈਟਰਨਰੀ ਡਾਕਟਰਾਂ ਦੀ ਭਰਤੀ ਕਰਨ ਬਾਰੇ ਚਿੱਠੀ ਲਿਖੀ ਹੋਈ ਹੈ। ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦਾ ਕਹਿਣਾ ਹੈ ਕਿ ਗ਼ੈਰ ਹਾਜ਼ਰ ਅਧਿਕਾਰੀਆਂ, ਮੁਲਾਜ਼ਮਾਂ ਖਿਲਾਫ਼ ਵਿਭਾਗੀ ਕਾਰਵਾਈ ਕਰਨਾ ਇਕ ਨਿਯਮਤ ਪ੍ਰਕਿਰਿਆ ਹੈ। ਵਿਭਾਗ ਸਮੇਂ-ਸਮੇਂ ’ਤੇ ਇਸਦੀ ਸਮੀਖਿਆ ਕਰਦਾ ਰਹਿੰਦਾ ਹੈ। ਭੰਡਾਰੀ ਅਨੁਸਾਰ ਵਿਦੇਸ਼ ਜਾਣ ਵਾਲੇ ਅਧਿਕਾਰੀਆਂ ਨੂੰ ਛੁੱਟੀ ਦੇਣ ਸਮੇ ਨਿਯਮ ਸਖ਼ਤ ਕਰ ਦਿੱਤੇ ਗਏ ਹਨ।

Related Articles

Leave a Reply

Your email address will not be published. Required fields are marked *

Back to top button