Punjab

ਵਿਦੇਸ਼ ਭੇਜਣ ਦੇ ਨਾਂ ‘ਤੇ ਵੱਡੀ ਠੱਗੀ, 25 ਨੌਜਵਾਨਾਂ ਨੂੰ ਯੂਕੇ ਭੇਜਣ ਦਾ ਝਾਂਸਾ ਦੇ ਕੇ 4 ਕਰੋੜ ਰੁਪਏ ਹੜੱਪੇ

ਲੁਧਿਆਣਾ, 4 ਜਨਵਰੀ : ਵਰਕ ਪਰਮਿਟ ’ਤੇ ਯੂਕੇ ਭੇਜਣ ਦਾ ਝਾਂਸਾ ਦੇ ਕੇ ਪੰਜਾਬ ਦੇ 25 ਨੌਜਵਾਨਾਂ ਨਾਲ ਤਕਰੀਬਨ 4 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੇਸ ਵਿੱਚ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਜੈਤੋ ਦੇ ਰਹਿਣ ਵਾਲੇ ਸੁਖਚੈਨ ਸਿੰਘ ਦੀ ਸ਼ਿਕਾਇਤ ’ਤੇ ਕਰਿੰਟ ਕੰਸਲਟੈਂਟ ਪ੍ਰਾਈਵੇਟ ਲਿਮਿਟਡ ਗਾਂਧੀਨਗਰ ਗੁਜਰਾਤ ਦੇ ਡਾਇਰੈਕਟਰ ਮਿਹੁਲ ਸੋਨੀ ਦੇ ਖਿਲਾਫ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜਮ ਦੀ ਗ੍ਰਿਫਤਾਰੀ ਲਈ ਜਲਦੀ ਹੀ ਅਗਲੇਰੀ ਕਾਰਵਾਈ ਕਰੇਗੀ। ਤਫਤੀਸ਼ ਅਫਸਰ ਸੁਖਦੀਪ ਸਿੰਘ ਨੇ ਦੱਸਿਆ ਕਿ ਫਰੀਦਕੋਟ ਤਹਿਸੀਲ ਜੈਤੋ ਦੇ ਰਹਿਣ ਵਾਲੇ ਸੁਖਚੈਨ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ 16 ਜੂਨ 2025 ਨੂੰ ਦੱਸਿਆ ਕਿ ਉਸ ਨੇ 25 ਨੌਜਵਾਨਾਂ ਨੂੰ ਵਰਕ ਪਰਮਿਟ ਤੇ ਯੂਕੇ ਭੇਜਣਾ ਸੀ। ਇਸ ਦੇ ਲਈ ਉਸ ਨੇ ਗੁਜਰਾਤ ਦੇ ਟਰੈਵਲ ਏਜੈਂਟ ਅਤੇ ਕੰਸਲਟੈਂਟ ਮਿਹੁਲ ਸੋਨੀ ਨਾਲ ਸੰਪਰਕ ਕੀਤਾ। ਮਿਹਲ ਸੋਨੀ ਨੇ 25 ਲੜਕਿਆਂ ਨੂੰ ਵਰਕ ਪਰਮਿਟ ਤੇ ਯੂਕੇ ਦਾ ਵੀਜ਼ਾ ਲਗਵਾਉਣ ਦੇਣ ਦੀ ਗੱਲ ਆ ਕੇ ਉਹਨਾਂ ਦੇ ਦਸਤਾਵੇਜ਼ ਤਿਆਰ ਕਰਵਾਏ ਅਤੇ ਚਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਹਾਸਲ ਕਰ ਲਈ। ਮੁਲਜਮ ਨੇ ਅਜਿਹਾ ਕਰਕੇ ਉਹਨਾਂ ਨਾਲ ਅਮਾਨਤ ਵਿੱਚ ਖਿਆਨਤ ਅਤੇ ਧੋਖਾਧੜੀ ਕੀਤੀ ਹੈ।

ਤਿੰਨ ਨੌਜਵਾਨ ਪਹੁੰਚੇ ਯੂਕੇ, ਖੱਜਲ ਹੋ ਕੇ ਵਾਪਸ ਪਰਤੇ

ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਕੁੱਝ ਸਮਾਂ ਪਹਿਲੋਂ ਹੋਈ ਇਸ ਡੀਲ ਵਿੱਚ ਮੁਲਜਮ ਨੇ ਹਾਮੀ ਭਰੀ ਸੀ ਕਿ ਉਹ ਬਹੁਤ ਜਲਦੀ ਸਾਰੇ ਨੌਜਵਾਨਾਂ ਨੂੰ ਯੂਕੇ ਵਿੱਚ ਵਰਕ ਪਰਮਿਟ ’ਤੇ ਭੇਜ ਦੇਵੇਗਾ। ਮੁਲਜਮ ਨੇ ਰਕਮ ਹਾਸਲ ਕਰਨ ਤੋਂ ਬਾਅਦ ਤਿੰਨ ਨੌਜਵਾਨਾਂ ਨੂੰ ਵਿਦੇਸ਼ ਭੇਜ ਦਿੱਤਾ। ਏਐਸਆਈ ਸੁਖਦੀਪ ਸਿੰਘ ਨੇ ਦੱਸਿਆ ਕਿ ਵਿਦੇਸ਼ ਜਾਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਜਿਹੜਾ ਵਰਕ ਪਰਮਿਟ ਉਹਨਾਂ ਕੋਲ ਹੈ ਉਹ ਫੇਕ ਹੈ। ਖੱਜਲ ਹੋ ਕੇ ਤਿੰਨੋਂ ਨੌਜਵਾਨ ਕੁਝ ਸਮੇਂ ਬਾਅਦ ਭਾਰਤ ਵਾਪਸ ਪਰਤ ਆਏ। ਇਸ ਸਬੰਧੀ ਸ਼ਿਕਾਇਤ ਕਰਤਾ ਸੁਖਚੈਨ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਤਕਰੀਬਨ ਛੇ ਮਹੀਨਿਆਂ ਤੱਕ ਪੜਤਾਲ ਕੀਤੀ ਗਈ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮਿਹੁਲ ਸੋਨੀ ਦੇ ਖਿਲਾਫ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦਿੱਤੇ। ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਧੋਖਾਧੜੀ ਇਮੀਗ੍ਰੇਸ਼ਨ ਐਕਟ ਅਤੇ ਹੋਰ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button