
ਕਪੂਰਥਲਾ, 2 ਮਾਰਚ- ਪਾਸਟਰ ਬਜਿੰਦਰ ਸਿੰਘ ਖਿ਼ਲਾਫ਼ ਕਪੂਰਥਲਾ ਵਿੱਚ ਛੇੜਛਾੜ ਦਾ ਕੇਸ ਦਰਜ ਕੀਤਾ ਗਿਆ ਹੈ। ਸ਼ਹਿਰ ਵਾਸੀ ਇੱਕ ਮਹਿਲਾ ਦੀ ਸ਼ਿਕਾਇਤ ’ਤੇ ਦਰਜ ਕੇਸ ਵਿੱਚ ਪੀੜਿਤਾ ਨੇ ਪਾਸਟਰ ‘ਤੇ ਛੇੜਛਾੜ ਦੇ ਇਲਾਵਾ ਪਰਿਵਾਰ ਨੂੰ ਉਸ ਤੋਂ ਜਾਨ ਦਾ ਖ਼ਤਰਾ ਵੀ ਦੱਸਿਆ ਹੈ। ਥਾਣਾ ਸਿਟੀ ਦੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਪੜਤਾਲ ਤੇਜ਼ ਕਰ ਦਿੱਤੀ ਹੈ। ਥਾਣਾ ਸਿਟੀ ਵਿੱਚ ਦਰਜ ਐੱਫਆਈਆਰ ਵਿੱਚ ਪੀੜਤਾ ਨੇ ਦੱਸਿਆ ਕਿ ਪਾਸਟਰ ਬਜਿੰਦਰ ਸਿੰਘ ਅਸਥਾਈ ਨਿਵਾਸੀ ਓਮੇਕਸ ਨਿਊ ਚੰਡੀਗੜ੍ਹ ਦਾ ਜਲੰਧਰ ਦੇ ਪਿੰਡ ਤਾਜਪੁਰ ਵਿੱਚ ਦ ਚਰਚ ਆਫ ਗਲੋਰੀ ਐਂਡ ਵਿਸਡਮ ਨਾਮ ਨਾਲ ਮਸੀਹੀ ਸਤਿਸੰਗ ਕਰਦਾ ਹੈ। ਉਸਦੇ ਮਾਤਾ–ਪਿਤਾ ਨੇ ਅਕਤੂਬਰ 2017 ਵਿੱਚ ਇਸਦੀ ਚਰਚ ਵਿੱਚ ਜਾਣਾ ਸ਼ੁਰੂ ਕੀਤਾ ਸੀ। ਜਿੱਥੇ ਉਸਨੇ ਮੇਰਾ ਫੋਨ ਨੰਬਰ ਲੈ ਲਿਆ ਅਤੇ ਫੋਨ ਉੱਤੇ ਮੇਰੇ ਨਾਲ ਉਲਟੀਆਂ ਸਿੱਧੀਆਂ ਗੱਲਾਂ ਕਰਣ ਲੱਗਾ ਅਤੇ ਮੈਸੇਜ ਵੀ ਕਰਣ ਲੱਗਾ। ਇਸਦੇ ਅਜਿਹੇ ਮੈਸੇਜਾਂ ਨਾਲ ਉਹ ਡਰਨ ਲੱਗੀ। ਉਹ ਇਨ੍ਹਾਂ ਹਰਕਤਾਂ ਨੂੰ ਆਪਣੇ ਮਾਤਾ–ਪਿਤਾ ਨੂੰ ਦੱਸਣ ਤੋਂ ਵੀ ਡਰਨ ਲੱਗੀ ਸੀ, ਪ੍ਰੰਤੂ ਉਸਦਾ ਫੋਨ ‘ਤੇ ਗਲਤ ਗੱਲਾਂ ਕਰਨ ਦਾ ਸਿਲਸਿਲਾ ਜਾਰੀ ਰਿਹਾ। ਉਸਨੇ ਦੱਸਿਆ ਕਿ ਉਸਦੇ ਬਾਅਦ 2022 ਵਿੱਚ ਉਸਨੇ ਮੈਨੂੰ ਐਤਵਾਰ ਦੇ ਦਿਨ ਚਰਚ ਵਿੱਚ ਕੈਬਿਨ ਵਿੱਚ ਇਕੱਲੇ ਬਿਠਾਉਣਾ ਸ਼ੁਰੂ ਕਰ ਦਿੱਤਾ। ਜਦੋਂ–ਜਦੋਂ ਉਹ ਕੈਬਿਨ ਵਿੱਚ ਇਕੱਲੀ ਹੁੰਦੀ ਸੀ, ਤਾਂ ਇਹ ਕੈਬਿਨ ਵਿੱਚ ਆ ਕੇ ਉਸਨੂੰ ਗਲਤ ਤਰੀਕੇ ਨਾਲ ਛੂੰਹਦਾ ਸੀ। ਉਸਨੇ ਸ਼ੱਕ ਪ੍ਰਗਟਾਇਆ ਕਿ ਇਹ ਸਾਨੂੰ ਮਰਵਾ ਦੇਵੇਗਾ। ਜੇਕਰ ਉਸਨੂੰ ਅਤੇ ਉਸਦੇ ਮਾਤਾ–ਪਿਤਾ, ਪਤੀ ਅਤੇ ਭਰਾ ਨੂੰ ਕੁੱਝ ਵੀ ਜਾਨ-ਮਾਲ ਦਾ ਨੁਕਸਾਨ ਹੋਇਆ ਤਾਂ ਇਸਦਾ ਜ਼ਿੰਮੇਵਾਰ ਬਜਿੰਦਰ ਸਿੰਘ ਅਤੇ ਅਵਤਾਰ ਸਿੰਘ ਹੋਣਗੇ। ਥਾਣਾ ਸਿਟੀ ਦੀ ਪੁਲਿਸ ਨੇ ਪੀੜਿਤਾ ਦੀ ਸ਼ਿਕਾਇਤ ’ਤੇ ਬਜਿੰਦਰ ਸਿੰਘ ਨਿਵਾਸੀ ਨਿਊ ਚੰਡੀਗੜ੍ਹ ਦੇ ਖਿ਼ਲਾਫ਼ ਕੇਸ ਦਰਜ ਕਰਕੇ ਜਾਂਚ ਤੇਜ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪਾਸਟਰ ਬਜਿੰਦਰ ਸਿੰਘ ਬਾਲੀਵੁੱਡ ਦੀ ਨਾਮਚੀਨ ਹਸਤੀਆਂ ਦੇ ਨਾਲ ਪ੍ਰਚਾਰ ਕਰਦਾ ਰਿਹਾ ਹੈ। ਇਸਦੇ ਪ੍ਰੋਗਰਾਮਾਂ ਵਿੱਚ ਕਈ ਬਾਲੀਵੁੱਡ ਸਟਾਰ ਆਉਂਦੇ ਹਨ।



