
ਬਠਿੰਡਾ, 5 ਜੁਲਾਈ : ਜ਼ਿਲ੍ਹੇ ਦੇ ਪਿੰਡ ਮਹਿਮਾ ਸਰਕਾਰੀ ’ਚ ਕਰਜ਼ਾ ਦਿਵਾਉਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਣ ਵਾਲੇ ਇਕ ਵਿਅਕਤੀ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਇਸ ਮਾਮਲੇ ’ਚ ਦੋ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਥਾਣਾ ਨੇਹੀਆਵਾਲਾ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਮੇਜਰ ਸਿੰਘ ਵਾਸੀ ਪਿੰਡ ਮਹਿਮਾ ਸਰਕਾਰੀ ਨੇ ਦੱਸਿਆ ਕਿ ਗੁਰਮੇਲ ਸਿੰਘ ਤੇ ਇੰਦਰਜੀਤ ਸਿੰਘ ਨੇ ਉਸ ਦੇ ਲੜਕੇ ਗੁਰਸਾਹਿਬ ਸਿੰਘ (50) ਨੂੰ ਕਰਜ਼ਾ ਦਵਾਉਣ ਦਾ ਲਾਲਚ ਦੇ ਕੇ ਉਸ ਕੋਲੋਂ ਪਹਿਲਾਂ 1 ਲੱਖ 85 ਹਜ਼ਾਰ ਰੁਪਏ ਲੈ ਲਏ। ਇਸ ਤੋਂ ਬਾਅਦ ਉਸ ਦੇ ਪੁੱਤਰ ਨੂੰ ਜਲਦੀ ਕਰਜ਼ਾ ਦਿਵਾਉਣ ਦਾ ਝਾਂਸਾ ਦਿੰਦੇ ਰਹੇ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਗੁਰਮੇਲ ਸਿੰਘ ਤੇ ਇੰਦਰਜੀਤ ਸਿੰਘ ਨੇ ਫਿਰ ਉਸ ਦੇ ਪੁੱਤਰ ਤੋਂ 2 ਲੱਖ 20 ਹਜ਼ਾਰ ਰੁਪਏ ਕਰਜ਼ਾ ਦਿਵਾਉਣ ਦੇ ਨਾਂ ’ਤੇ ਲੈ ਲਏ। ਪੀੜਤ ਨੇ ਦੱਸਿਆ ਕਿ ਇਸ ਤੋਂ ਬਾਅਦ ਗੁਰੂਸਾਹਿਬ ਸਿੰਘ ਨੇ ਕਈ ਵਾਰ ਦੋਵੇਂ ਮੁਲਜ਼ਮਾਂ ਨਾਲ ਸੰਪਰਕ ਕੀਤਾ ਕਿ ਜਾਂ ਤਾਂ ਉਸ ਦੇ ਪੈਸੇ ਵਾਪਸ ਕੀਤੇ ਜਾਣ ਜਾਂ ਫਿਰ ਉਸ ਨੂੰ ਕਰਜ਼ਾ ਦਿਵਾਇਆ ਜਾਵੇ। ਪੀੜਤ ਬਜ਼ੁਰਗ ਨੇ ਦੱਸਿਆ ਕਿ ਆਪਣੇ ਨਾਲ ਹੋਈ ਠੱਗੀ ਕਾਰਨ ਉਸ ਦਾ ਪੁੱਤਰ ਗੁਰਸਾਹਿਬ ਸਿੰਘ ਪ੍ਰੇਸ਼ਾਨ ਰਹਿਣ ਲੱਗਾ ਤੇ ਉਸ ਨੇ 3 ਜੁਲਾਈ ਨੂੰ ਆਪਣੀ ਲਾਇੰਸੈਂਸੀ ਰਾਈਫਲ ਨਾਲ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਨੇਹੀਆਂਵਾਲਾ ਦੇ ਸਹਾਇਕ ਥਾਣੇਦਾਰ ਜਗਮੀਤ ਸਿੰਘ ਨੇ ਦੱਸਿਆ ਕਿ ਪੀੜਤ ਬਜ਼ੁਰਗ ਦੇ ਬਿਆਨਾਂ ’ਤੇ ਗੁਰਮੇਲ ਸਿੰਘ ਤੇ ਇੰਦਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।



