
ਸੰਗਰੂਰ, 7 ਜੁਲਾਈ : ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਸੰਗਰੂਰ ਡਿੱਪੂ ’ਤੇ ਸੂਬਾ ਆਗੂ ਜਤਿੰਦਰ ਸਿੰਘ ਦੀਦਾਰਗੜ੍ਹ ਦੀ ਅਗਵਾਈ ’ਚ ਗੇਟ ਰੈਲੀ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸਦੇ ਨਾਲ ਹੀ 9 ਤੋਂ 11 ਜੁਲਾਈ ਤੱਕ ਚੱਕਾ ਜਾਮ ਕਰਨ ਦਾ ਐਲਾਨ ਕੀਤਾ। ਇਸ ਮੌਕੇ ਜਤਿੰਦਰ ਸਿੰਘ ਦੀਦਾਰਗੜ੍ਹ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ ਨੂੰ ਮੀਟਿੰਗ ਕਰਕੇ ਇਕ ਮਹੀਨੇ ਦੇ ਵਿਚ ਕਮੇਟੀ ਬਣਾ ਕੇ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਕ ਸਾਲ ਹੋ ਗਿਆ ਕਮੇਟੀ ਬਣੀ ਨੂੰ, ਕਮੇਟੀ ਨੇ ਇਕ ਵੀ ਮੰਗ ਦਾ ਹੱਲ ਨਹੀਂ ਕੀਤਾ। ਠੇਕੇਦਾਰੀ ਸਿਸਟਮ ਤਹਿਤ ਲੁੱਟ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਬਿਨਾਂ ਠੇਕੇਦਾਰ ਨਾਲ ਐਗਰੀਮੈਂਟ ਤੋਂ ਭਰਤੀ ਕੀਤੀ ਜਾ ਰਹੀ ਹੈ। ਵਾਈਸ ਸੂਬਾ ਆਗੂ ਕਰਮਜੀਤ ਸਿੰਘ ਕਰਮਾ, ਡਿੱਪੂ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ, ਵਾਈਸ ਪ੍ਰਧਾਨ ਰਮਨਦੀਪ ਸਿੰਘ ਧਾਲੀਵਾਲ, ਲਖਵਿੰਦਰ ਸਿੰਘ ਬਿੱਟੂ, ਮੀਤ ਪ੍ਰਧਾਨ ਪਰਮਿੰਦਰ ਸਿੰਘ ਜੱਸੜ, ਸੈਕਟਰੀ ਸੁਖਜਿੰਦਰ ਸਿੰਘ ਧਾਲੀਵਾਲ, ਕੈਸ਼ੀਅਰ ਸਤਵਿੰਦਰ ਸਿੰਘ ਨੇ ਕਿਹਾ ਕਿ ਪਨਬਸ/ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦਾ ਲੰਮੇ ਸਮੇਂ ਤੋਂ ਠੇਕੇਦਾਰੀ ਸਿਸਟਮ ਤਹਿਤ ਸ਼ੋਸਣ ਹੋ ਰਿਹਾ ਹੈ। ਸਰਕਾਰ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਤਰੁੰਤ ਹੱਲ ਕਰੇ। ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ, ਸਰਕਾਰ ਠੇਕੇਦਾਰੀ ਸਿਸਟਮ ਨੂੰ ਬੰਦ ਕਰੇ, ਤਨਖਾਹਾਂ ਦੇ ਵਿੱਚ ਇਕਸਾਰਤਾ ਲੈ ਕੇ ਆਵੇ, ਕਿਲੋਮੀਟਰ ਸਕੀਮ ਬੱਸਾਂ ਬੰਦ ਕਰੇ, ਸਰਕਾਰ ਵਿਭਾਗ ਦੀਆਂ ਸਰਕਾਰੀ ਬੱਸਾਂ 10 ਹਜ਼ਾਰ ਕਰਨ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ 9 ਤੋ 11 ਜੁਲਾਈ ਤੱਕ ਪੂਰਨ ਤੌਰ ਤੇ ਚੱਕਾ ਜਾਮ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ ਧਰਨਾ ਲਾਇਆ ਜਾਵੇਗਾ।



