
ਤਪਾ ਮੰਡੀ, 4 ਅਗਸਤ : ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀਐੱਸਪੀ ਗੁਰਬਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਤਪਾ ਪੁਲਿਸ ਨੇ 230 ਪਾਬੰਦੀਸ਼ੁਦਾ ਗੋਲੀਆਂ ਸਮੇਤ ਮੋਟਰਸਾਈਕਲ ਸਵਾਰ ਦੋ ਜਣਿਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋ ਨੇ ਦੱਸਿਆ ਕਿ ਉਹ ਦੌਰਾਨੇ ਗਸ਼ਤ ਸ਼ੱਕੀ ਪੁਰਸ਼ਾਂ ਦੇ ਸਬੰਧ ਚ ਪੁਲਿਸ ਪਾਰਟੀ ਸਮੇਤ ਤਾਜੋ ਕੈਂਚੀਆਂ ਤਪਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਗੁਪਤ ਸੂਚਨਾ ਦਿੱਤੀ ਕਿ ਦੋਸ਼ੀ ਮੁਹੰਮਦ ਆਸਿਫ ਉਰਫ ਆਸ਼ੂ ਪੁੱਤਰ ਮੁਹੰਮਦ ਜਮੀਲ ਵਾਸੀ ਮਾਲੇਰਕੋਟਲਾ ਤੇ ਗੁਰਜੰਟ ਸਿੰਘ ਉਰਫ ਜੱਸੂ ਪੁੱਤਰ ਕੌਰ ਸਿੰਘ ਵਾਸੀ ਆਲੀਕੇ ਜੋ ਦੋਵੇਂ ਨਸ਼ਾ ਪੱਤਾ ਕਰਨ ਦੇ ਆਦੀ ਹਨ ਤੇ ਬਾਹਰੋਂ ਸਸਤੇ ਰੇਟ ’ਤੇ ਨਸ਼ੀਲੀਆਂ ਗੋਲੀਆ ਲਿਆ ਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਸਪਾਸ ਬਸਤੀਆਂ ਵਿਚ ਵੇਚਣ ਦਾ ਧੰਦਾ ਕਰਦੇ ਹਨ। ਜੋ ਅੱਜ ਵੀ ਨਸ਼ੀਲੀਆਂ ਗੋਲੀਆਂ ਵੇਚਣ ਦੀ ਤਾਕ ਚ ਦਾਣਾ ਮੰਡੀ ਤਾਜੋ ਰੋਡ ਤਪਾ ਵਿਖੇ ਮੌਜੂਦ ਹਨ, ਜੇਕਰ ਚੈਕਿੰਗ ਕੀਤੀ ਜਾਵੇ ਤਾਂ ਸਫਲਤਾ ਹੱਥ ਲੱਗ ਸਕਦੀ ਹੈ। ਪੁਲਿਸ ਨੇ ਤੁਰੰਤ ਰੇਡ ਕਰਕੇ ਦੋਸ਼ੀਆਨ ਉਕਤਾਨ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਉਨ੍ਹਾਂ ਦੇ ਕਬਜੇ ਵਿਚੋਂ 230 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ। ਪੁਲਿਸ ਨੇ ਉਕਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



