
ਬਰਨਾਲਾ, 4 ਅਗਸਤ : ਥਾਣਾ ਸ਼ਹਿਣਾ ਦੀ ਪੁਲਿਸ ਨੇ ਦਾਜ ਲਿਆਉਣ ਦੇ ਮਾਮਲੇ ’ਚ ਤੰਗ ਤੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਦਰਖਾਸਤ ਨੰਬਰੀ 1667/ਵੀਪੀ ਮਿਤੀ 23-05-2025 ਵੱਲੋਂ ਅਰਸ਼ਪ੍ਰੀਤ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਸੇਖਾ ਹਾਲ ਆਬਾਦ ਪੁੱਤਰੀ ਬਲਵਿੰਦਰ ਸਿੰਘ ਵਾਸੀ ਜਗਜੀਤਪੁਰਾ ਬਰ-ਖ਼ਿਲਾਫ਼ ਹਰਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਸੇਖਾ ਤੇ ਬੇਅੰਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਨਿਊਜੀਲੈਂਡ ਬਾਬਤ ਦਾਜ-ਦਹੇਜ ਮੰਗਣ ਸਬੰਧੀ ਮੌਸੂਲ ਹੋਈ ਸੀ। ਜਿਸਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਦਰਖਾਸਤ ਕਰਤਾ ਅਰਸ਼ਪ੍ਰੀਤ ਕੌਰ ਦਾ ਵਿਆਹ ਮਿਤੀ 16 ਅਗਸਤ 2016 ਨੂੰ ਹਰਪ੍ਰੀਤ ਸਿੰਘ ਨਾਲ ਹੋਇਆ ਸੀ, ਅਰਸ਼ਪ੍ਰੀਤ ਕੌਰ ਉਕਤ ਨੇ 06 ਬੈਂਡ ਨਾਲ ਆਈਲੈਟਸ ਕੀਤੀ ਹੋਈ ਸੀ। ਅਰਸ਼ਪ੍ਰੀਤ ਕੌਰ ਦੇ ਘਰਦਿਆਂ ਨੇ ਵਿਆਹ ਸਮੇਂ ਹਰਪ੍ਰੀਤ ਸਿੰਘ ਨੂੰ 06 ਲੱਖ ਰੁਪਏ ਨਕਦ ਤੇ 07 ਲੱਖ ਵਿਆਹ ’ਤੇ ਖਰਚਾ ਕੀਤਾ ਸੀ ਅਤੇ ਸਾਰਾ ਘਰੇਲੂ ਸਾਮਾਨ ਬਤੌਰ ਇਸਤਰੀ ਧੰਨ ਦਿੱਤਾ ਸੀ। ਵਿਆਹ ਤੋਂ ਬਾਅਦ ਹਰਪ੍ਰੁੀਤ ਸਿੰਘ ਅਤੇ ਉਸਦਾ ਪਰਿਵਾਰ ਅਰਸ਼ਪ੍ਰੀਤ ਕੌਰ ਨੂੰ ਵਿਦੇਸ਼ ਭੇਜਣ ਤੋਂ ਮੁਕਰ ਗਏ ਅਤੇ ਅਰਸ਼ਪ੍ਰੀਤ ਕੌਰ ਨੂੰ ਹੋਰ ਦਾਜ ਲਿਆਉਣ ਦੇ ਲਾਲਚ ’ਚ ਤੰਗ ਤੇ ਕੁੱਟਮਾਰ ਕਰਨ ਲੱਗੇ। ਪੁਲਿਸ ਨੇ ਉਕਤ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ।



