Punjab

ਪਵਿੱਤਰ ਸ਼ਹਿਰਾਂ ’ਚ ਮੀਟ ਬੰਦ ’ਤੇ ਬੀਬੀ ਕਿਰਨਜੋਤ ਕੌਰ ਨੇ ਸ਼ੋਸ਼ਲ ਮੀਡੀਆ ‘ਤੇ ਪਾਈ ਪੋਸਟ, ਕਿਹਾ- ‘ਝਟਕਾ ਮੀਟ ਸਾਡਾ ਹੱਕ’

ਅੰਮ੍ਰਿਤਸਰ, 19 ਦਸੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦੇ ਨੋਟੀਫਿਕੇਸ਼ਨ ਤੋਂ ਬਾਅਦ ਸ਼ੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆ ਲਿਖਿਆ ਹੈ ਕਿ ਝਟਕਾ ਮੀਟ ਸਾਡਾ ਹੱਕ ਹੈ। ਉਨ੍ਹਾਂ ਨੇ ਪੋਸਟ ਵਿਚ ਲਿਖਿਆ, ‘ਪੰਜਾਬ ਸਰਕਾਰ ਨੇ ਸਿੱਖਾਂ ਦਾ ਬ੍ਰਾਹਮਣੀਕਰਨ ਕਰ ਦਿੱਤਾ ਹੈ। ਸਿੱਖਾਂ ਲਈ ਤੰਬਾਕੂ ਤੇ ਕੁੱਠਾ (ਹਲਾਲ) ਮੀਟ ਬੱਜਰ ਕੁਰਹਿਤ ਹੈ। ਸ਼ਰਾਬ ਤੇ ਹੋਰ ਨਸ਼ੇ ਵੀ ਸਿੱਖੀ ਵਿਚ ਮਨ੍ਹਾ ਹਨ ਪਰ ਝਟਕਾ ਮੀਟ ਸਾਡਾ ਹੱਕ ਹੈ। ਅਕਾਲੀ ਦਲ ਨੇ ਝਟਕਾ ਮੀਟ ਦੇ ਹੱਕ ਵਿਚ 1935 ‘ਝਟਕਾ ਕਾਨਫਰੰਸ’ ਕੀਤੀ ਸੀ। ਗੁਰੂ ਸਾਹਿਬਾਨ ਤੇ ਸਿੱਖਾਂ ਦੇ ਸ਼ਿਕਾਰ ਖੇਡਣ ਦੇ ਕਈ ਕਿੱਸੇ ਹਨ। ਗੁਰੂ ਨਾਨਕ ਦੇਵ ਜੀ ਨੇ ਸੂਰਜ ਗ੍ਰਹਿਣ ਵੇਲੇ ਕੁਰੁਕਸ਼ੇਤਰ ਹਿਰਨ ਦਾ ਮਾਸ ਰਿੰਨ੍ਹਣ ਦੀ ਸਾਖੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਬੇਨਤੀ ਹੈ ਕਿ ਸਰਕਾਰ ਕੋਲ ਇਸ ਮੁੱਦੇ ’ਤੇ ਇਤਰਾਜ ਜ਼ਾਹਰ ਕਰੋ। ਡੇਰੇਦਾਰਾਂ ਦੀ ਮਰਿਆਦਾ ਤੋਂ ਸਿੰਘਾਂ ਦੀ ਮਰਿਆਦਾ ਵੱਲ ਮੁੜ ਆਓ’। ਬੀਬੀ ਕਿਰਨਜੋਤ ਕੌਰ ਨੇ ਇਕ ਹੋਰ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਜਿਸ ਵਿਚ ਲਿਖਿਆ ਹੈ ਕਿ ‘ਝਟਕੇ ਦੀ ਖੁੱਲ੍ਹ ਹੋ ਗਈ’। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਪ੍ਰਤੀ ਬੜੀ ਖੁਸ਼ੀ ਨਾਲ ਪ੍ਰਗਟ ਕਰਦੀ ਹੈ ਕਿ ਪੰਜਾਬ ਸਰਕਾਰ ਨੇ ਖੜਕ ਸਿੰਘ ਤੇ ਮਾਸਟਰ ਤਾਰਾ ਸਿੰਘ ਦੀਆਂ ਜੇਲਾਂ ਵਿਚ ਝਟਕੇ ਸਬੰਧੀ ਸਾਰੀਆਂ ਮੰਗਾਂ ਮੰਨ ਲਈਆਂ ਹਨ। ਇਸ ਕਰ ਕੇ ਇਨ੍ਹਾਂ ਦੋਵਾਂ ਆਗੂਆਂ ਨੇ 37 ਦਿਨਾਂ ਪਿੱਛੋਂ ਚਾਰ ਵਜੇ ਸ਼ਾਮ ਨੂੰ ਭੁੱਖ ਹੜਤਾਲ ਤੋੜ ਦਿੱਤੀ ਹੈ। ਭੁੱਖ ਹੜਤਾਲ ਕਾਰਨ ਇਨ੍ਹਾਂ ਦਾ ਵਜ਼ਨ 24-24 ਪੌਂਡ ਘੱਟ ਚੁੱਕਾ ਸੀ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਦੋਹਾਂ ਸਿੱਖ ਆਗੂਆਂ, ਜਿਨ੍ਹਾਂ ਨੇ ਸਿੱਖ ਧਰਮ ਦੇ ਖਾਸ ਅਸੂਲ (ਝਟਕਾ) ਤੋਂ ਪਾਬੰਦੀ ਦੂਰ ਕਰਵਾਉਣ ਲਈ ਆਪਣੀ ਜ਼ਿੰਦਗੀ ਖਤਰੇ ਵਿਚ ਪਾਉਂਣ ਵਾਲੀ ਕੁਰਬਾਨੀ ਕੀਤੀ ਹੈ, ਜਿਸ ਸੇਵਾ ਦੀ ਸ਼ਲਾਘਾ ਕਰਦੀ ਹੈ ਤੇ ਨਾਲ ਹੀ ਜਿਨ੍ਹਾਂ-ਜਿਨ੍ਹਾਂ ਸਜਣਾਂ ਨੇ ਇਸ ਮਾਮਲੇ ਨੂੰ ਹੱਲ ਕਰਵਾਉਂਣ ਦਾ ਜਤਨ ਕੀਤਾ ਹੈ, ਦਾ ਧੰਨਵਾਦ ਕਰਦੀ ਹੈ। ਦੱਸਣਯੋਗ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦਾ ਖ਼ਾਸ ਸੈਸ਼ਨ ਸੱਦ ਕੇ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਦਮਦਮਾ ਸਾਹਿਬ ਤੇ ਅੰਮ੍ਰਿਤਸਰ ਸ਼ਹਿਰ ਦੇ ਪੁਰਾਣੇ ਗਲਿਆਰੇ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਸੀ। ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਦੀ ਸ਼ਲਾਘਾ ਕੀਤੀ ਗਈ ਹੈ ਪਰ ਮੀਟ ਦੇ ਮੱਦੇ ’ਤੇ ਲੈ ਕੇ ਬੀਬੀ ਕਿਰਨਜੋਤ ਕੌਰ ਨੇ ਝਟਕੇ ਦੀ ਪੁਰਾਤਨ ਰਵਾਇਤ ਦਾ ਜ਼ਿਕਰ ਕਰ ਕੇ ਵਿਸਰਿਆ ਪੱਖ ਸਾਹਮਣੇ ਲਿਆ ਦਿੱਤਾ ਹੈ।

Related Articles

Leave a Reply

Your email address will not be published. Required fields are marked *

Back to top button