Punjab

ਪਰਗਟ ਸਿੰਘ ਨੇ ਘੇਰੇ ਅਕਾਲੀ ਆਗੂ, ਕਿਹਾ- ਕੈਪਟਨ ਤੇ ਬਾਦਲ ਪਰਿਵਾਰ ਦੇ ਸਮਝੌਤੇ ਕਾਰਨ ਨਹੀਂ ਮਿਲੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ

ਚੰਡੀਗੜ੍ਹ , 23 ਜੁਲਾਈ: ਪਿਛਲੇ ਕੁਝ ਦਿਨਾਂ ਤੋਂ ਅਕਾਲੀ ਆਗੂਆਂ ਦੇ ਨਿਸ਼ਾਨੇ ’ਤੇ ਆਏ ਜਲੰਧਰ ਦੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਅਕਾਲੀ ਦਲ, ਭਾਜਪਾ ਅਤੇ ‘ਆਪ’ ਆਗੂਆਂ ਨੂੰ ਮੋੜਵਾਂ ਜਵਾਬ ਦਿੱਤਾ ਹੈ। ਇੱਥੇ ਪ੍ਰੈੱਸ ਕਲੱਬ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਦਰਮਿਆਨ ਸਮਝੌਤਾ ਹੋਣ ਕਰਕੇ ਬੇਅਦਬੀ ਦੇ ਦੋਸ਼ੀਆਂ, ਡੇਰਾ ਮੁਖੀ ਨੂੰ ਸਜ਼ਾ ਨਹੀਂ ਮਿਲੀ। ਪਰਗਟ ਸਿੰਘ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਦੀ ਜੜ 2007 ’ਚ ਡੇਰਾ ਮੁਖੀ ਵਲੋਂ ਗੁਰੂ ਗੋਬਿੰਦ ਸਿੰਘ ਦੀ ਪੁਸ਼ਾਕ ਵਰਗੀ ਪੁਸ਼ਾਕ ਪਾਉਣਾ ਸੀ। ਅਕਾਲੀ ਦਲ ਦੀ ਸਰਕਾਰ ਨੇ 2009 ਅਤੇ 2012 ’ਚ ਡੇਰਾ ਮੁਖੀ ਖ਼ਿਲਾਫ਼ ਦਰਜ਼ ਕੇਸ ਨੂੰ ਰੱਦ ਕਰਨ ਦੀ ਰਿਪੋਰਟ ਭਰੀ। ਉਨ੍ਹਾਂ ਕਿਹਾ ਕਿ ਜੇਕਰ ਉਸ ਵਕਤ ਹੀ ਡੇਰਾ ਮੁਖੀ ਖ਼ਿਲਾਫ਼ ਸਹੀ ਕਾਰਵਾਈ ਕੀਤੀ ਜਾਂਦੀ ਤਾਂ ਅੱਜ ਅਜਿਹੀ ਨੌਬਤ ਨਹੀਂ ਆਉਣੀ ਸੀ। ਉਨ੍ਹਾਂ ਕਿਹਾ ਕਿ 2017 ’ਚ ਬੇਅਦਬੀ ਅਤੇ ਡਰੱਗ ਦੇ ਮੁੱਦੇ ’ਤੇ ਕਾਂਗਰਸ ਦੀ ਸਰਕਾਰ ਬਣੀ ਸੀ। ਸ਼ੁਰੂਆਤੀ ਦਿਨਾਂ ’ਚ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਮਾਮਲਿਆਂ ਦੀ ਜਾਂਚ ’ਚ ਤੇਜ਼ੀ ਕੀਤੀ ਪਰ ਬਾਦਲ ਪਰਿਵਾਰ ਤੇ ਕੈਪਟਨ ਦਰਮਿਆਨ ਸਮਝੌਤਾ ਹੋਣ ਕਰਕੇ ਮਸਲਾ ਠੰਡੇ ਬਸਤੇ ’ਚ ਪਾ ਦਿੱਤਾ ਗਿਆ। ਪਰਗਟ ਸਿੰਘ ਨੇ ਕਿਹਾ ਕਿ ਪਿਛਲੇ ਦਿਨ ਉਨ੍ਹਾਂ ਵਿਧਾਨ ਸਭਾ ’ਚ ਬਿਆਨ ਦਿੱਤਾ ਤਾਂ ਅਕਾਲੀ ਦਲ, ਆਪ ਨੇ ਸਿਆਸਤ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮਈ 2022 ਨੂੰ ਮੁੱਖ ਮੰਤਰੀ ਭਗਵੰਤ ਮਾਨ ਕੋਲ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਕੇਸ ਚਲਾਉਣ ਦੀ ਪ੍ਰਵਾਨਗੀ ਦੇਣ ਵਾਲੀ ਫਾਈਲ ਪੁੱਜੀ ਸੀ। ਫਿਰ ਦਸੰਬਰ 2022 ’ਚ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ, ਉਸ ਤੋਂ ਬਾਅਦ ਨਾ ਕੇਸ ਚਲਾਉਣ ਦੀ ਪ੍ਰਵਾਨਗੀ ਦਿੱਤੀ ਤੇ ਉਲਟਾ ਕੇਸ ਪੰਜਾਬ ਤੋਂ ਬਾਹਰ ਤਬਦੀਲ ਹੋ ਗਏ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਆਪ ਆਗੂ, ਅਮਨ ਅਰੋੜਾ, ਹਰਪਾਲ ਚੀਮਾ ਤੇ ਕੁਲਤਾਰ ਸਿੰਘ ਸੰਧਵਾਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਤੇ ਮੌੜ ਬੰਬ ਧਮਾਕੇ ’ਚ ਇਨਸਾਫ਼ ਦੇਣ ਦੀ ਗੱਲ ਕਰਦੇ ਕਰਦੇ ਰਹੇ ਪਰ ਅਜੇ ਤੱਕ ਮੌੜ ਬੰਬ ਧਮਾਕੇ ’ਚ ਗੱਲ ਅੱਗੇ ਨਹੀਂ ਤੁਰੀ।

Related Articles

Leave a Reply

Your email address will not be published. Required fields are marked *

Back to top button