National

ਇਤਿਹਾਸਿਕ ਗੁਰਦੁਆਰਾ ਸਿੱਧ ਸਿਓ ਰੰਧਾਵਾ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਣੀ ‘ਚ ਡੁੱਬਿਆ

ਸਤਿਕਾਰ ਨਾਲ ਸੁਰੱਖਿਅਤ ਲਿਆਂਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ

ਡੇਰਾ ਬਾਬਾ ਨਾਨਕ, 27 ਅਗਸਤ : ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਖੋਲੇ ਲਾਂਘੇ ਨੇੜੇ ਧੁੱਸੀ ਪਾੜ ਪੈਣ ਨਾਲ ਰਾਵੀ ਦੇ ਪਾਣੀ ਨਾਲ ਸਰਹੱਦ ਤੇ ਸਥਿਤ ਇਤਿਹਾਸਿਕ ਗੁਰਦੁਆਰਾ ਬਾਬਾ ਸਿੱਧ ਸਿਓ ਰੰਧਾਵਾ ਪਾਣੀ ਵਿੱਚ ਡੁੱਬਣ ਕਾਰਨ ਗੁਰਦੁਆਰਾ ਸਾਹਿਬ ਦਾ ਲੱਖਾਂ ਰੁਪਇਆ ਦਾ ਨੁਕਸਾਨ ਹੋਇਆ ਹੈ। ਉੱਥੇ ਰਾਵੀ ਦੇ ਪਾਣੀ ਕਾਰਨ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵੀ ਪਾਣੀ ਵਿੱਚ ਡੁੱਬ ਗਿਆ ਹੈ। ਜਿੱਥੇ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਆਰ ਨਾਨਕ ਪਾਰ ਨਾਨਕ ਦਾ ਸ਼ਬਦ ਬੋਲਿਆ ਜਾਂਦਾ ਰਿਹਾ ਹੈ ਉਥੇ ਹੁਣ ਲੋਕਾਂ ਵੱਲੋਂ ਆਰ ਪਾਣੀ ਪਾਰ ਪਾਣੀ ਦਾ ਰਾਗ ਅਲਾਪਿਆ ਪਿਆ ਜਾ ਰਿਹਾ ਹੈ। ਡੇਰਾ ਬਾਬਾ ਨਾਨਕ ਖੇਤਰ ਵਿੱਚ ਆਏ ਪਾਣੀ ਸਬੰਧੀ ਜਾਣਕਾਰੀ ਦਿੰਦਾ ਹੋਇਆ ਗੁਰਦੁਆਰਾ ਸਿੱਧ ਸਿਓ ਰੰਧਾਵਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਜਦੋਂ ਦਰਸ਼ਨ ਸਥਲ ਨੇੜੇ ਜਦੋਂ ਧੁੱਸੀ ਨੂੰ ਮਿੱਟੀ ਦੀਆਂ ਬੋਰੀਆਂ ਨਾਲ ਬੰਨਿਆ ਜਾ ਰਿਹਾ ਸੀ ਤਾਂ ਸਾਢੇ 9 ਵਜੇ ਦੇ ਕਰੀਬ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਬਿਰਾਜਮਾਨ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਗੁਰਦੁਆਰਾ ਚੋਲਾ ਸਾਹਿਬ ਵਿਖੇ ਸਤਿਕਾਰ ਨਾਲ ਸੁਸ਼ੋਭਿਤ ਕੀਤੇ ਗਏ ਸਨ । ਉਹਨਾਂ ਕਿਹਾ ਕਿ ਰਾਤ ਨੂੰ ਹੀ ਧੁੱਸੀ ਬੰਨ੍ਹ ਟੁੱਟਣ ਕਾਰਨ ਰਾਵੀ ਦੇ ਪਾਣੀ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਸ ਵਿੱਚ ਇਕ ਲੱਖ ਰੁਪਏ ਦੇ ਕਰੀਬ ਲੰਗਰ ਦੀਆਂ ਰਸਤਾਂ ਅਤੇ ਢਾਈ ਲੱਖ ਰੁਪਏ ਦੀ ਖਰੀਦੀ ਲੱਕੜ ਤੋਂ ਇਲਾਵਾ ਹੋਰ ਸਮਾਨ ਪਾਣੀ ਦੀ ਲਪੇਟ ਵਿੱਚ ਆ ਗਿਆ। ਪਾਣੀ ਨਾਲ ਬੀਐਸਐਫ ਦੇ ਰਹਿਣ ਬਸੇਰੇ ਲਈ ਬਣਾਏ ਜਾ ਰਹੇ ਕਵਾਟਰ ਅਤੇ ਗੁਰਦੁਆਰਾ ਸਾਹਿਬ ਦੀ ਦਰਸ਼ਨ ਡਿਓੜੀ ਪਾਣੀ ਵਿੱਚ ਡੁੱਬੀ ਹੋਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਣੀ ਵਿੱਚ ਡੁੱਬਿਆ ਹੋਇਆ ਹੈ।

Related Articles

Leave a Reply

Your email address will not be published. Required fields are marked *

Back to top button