
ਫਿਲੌਰ, 19 ਅਗਸਤ: ਟਿੱਪਰ ਦੇ ਡਰਾਈਵਰ ਨੇ ਕਾਰ ਨੂੰ ਟੱਕਰ ਮਾਰੀ ਤੇ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਇਨ੍ਹਾਂ ਜ਼ਖ਼ਮੀਆਂ ਦੀ ਪਛਾਣ ਯਸ ਰਾਜ ਗੋਇਲ, ਉਸ ਦੀ ਪਤਨੀ ਸੀਮਾ ਗੋਇਲ, ਨਮੀਤਾ ਧੀ ਤੇ ਜਵਾਈ ਰਾਕੇਸ਼ ਚੰਦਰ ਵਾਸੀ ਅਰਬਨ ਸਟੇਟ ਸਿਟੀ ਅੰਬਾਲਾ ਵਜੋਂ ਹੋਈ ਹੈ। ਐੱਸਐੱਸਐੱਫ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਮਾਜ ਸੇਵੀ ਅਮੋਲਕ ਸਿੰਘ ਦਾ ਫੋਨ ਆਇਆ ਕਿ ਢਾਬੇ ਤੋਂ ਦੋ ਤਿੰਨ ਸੌ ਮੀਟਰ ਦੀ ਦੂਰੀ ’ਤੇ ਹਾਦਸਾ ਹੋਇਆ। ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਕਾਰ ਤੇ ਟਿੱਪਰ ਵਿਚਾਲੇ ਟੱਕਰ ਹੋਈ ਸੀ, ਜਿਸ ’ਚ ਕਾਰ ਚਾਲਕ ਤੇ ਦੋ ਹੋਰ ਮੈਂਬਰ ਜ਼ਖ਼ਮੀ ਹੋ ਗਏ। ਕਾਰ ’ਚ ਕੁੱਲ ਦੋ ਔਰਤਾਂ ਤੇ ਦੋ ਆਦਮੀ ਸਵਾਰ ਸਨ, ਜਿਨਾਂ ਨੂੰ ਮੌਕੇ ’ਤੇ ਹੀ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਦਾਖਲ ਕਰਵਾਇਆ। ਏਐੱਸਆਈ ਸੁਰਿੰਦਰ ਪਾਲ ਨੂੰ ਫੋਨ ’ਤੇ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਘਟਨਾ ਵਾਲੀ ਥਾਂ ’ਤੇ ਆ ਕੇ ਕਾਰ ਨੂੰ ਹਾਈਵੇ ਤੋਂ ਹਟਵਾਇਆ। ਟਿੱਪਰ ਨੂੰ ਵੀ ਹਾਈਵੇ ਤੋਂ ਸਰਵਿਸ ਲੇਨ ’ਤੇ ਕਰਵਾਇਆ ਗਿਆ ਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ। ਥਾਣੇਦਾਰ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਟਿੱਪਰ ਦੇ ਡਰਾਈਵਰ ਮਨਜੀਤ ਸਿੰਘ ਨੂੰ ਹਿਰਾਸਤ ’ਚ ਲੈ ਲਿਆ ਹੈ ਤੇ ਕਾਰ ਵਾਲਿਆ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।



