ਭੂਆ ਨੂੰ ਛੱਡਣ ਆਏ ਨੌਜਵਾਨ ਦਾ ਕਤਲ, ਦੋਹਤਾ ਗੰਭੀਰ ਜ਼ਖ਼ਮੀ
ਅਣਪਛਾਤਿਆਂ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ, ਪੁਲਿਸ ਕਾਰਵਾਈ ਸ਼ੁਰੂ

ਝਬਾਲ, 19 ਅਗਸਤ : ਬਜ਼ੁਰਗ ਭੂਆ ਨੂੰ ਸਹੁਰੇ ਘਰ ਛੱਡਣ ਆਏ ਨੌਜਵਾਨ ਦਾ ਭੂਆ ਦੇ ਪੋਤਰਿਆਂ ਨੇ ਕਥਿਤ ਤੌਰ ’ਤੇ ਤੇਜਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਭੂਆ ਨੂੰ ਉਸ ਦਾ ਲੜਕਾ ਤੇ ਪੋਤਰੇ ਨਾ ਤਾਂ ਰੋਟੀ ਦਿੰਦੇ ਸਨ ਅਤੇ ਨਾ ਹੀ ਜ਼ਮੀਨ ਦੇ ਠੇਕੇ ਵਿੱਚੋਂ ਕੋਈ ਪੈਸਾ। ਇਹੋ ਘਰੇਲੂ ਵਿਵਾਦ 20 ਸਾਲਾ ਨੌਜਵਾਨ ਦੇ ਕਤਲ ਦਾ ਕਾਰਨ ਬਣ ਗਿਆ। ਫ਼ਿਲਹਾਲ ਥਾਣਾ ਝਬਾਲ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਿਸ਼ਾਨ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਪੂਹਲਾ ਨੇ ਦੱਸਿਆ ਕਿ ਉਸ ਦੀ 90 ਸਾਲਾ ਭੂਆ ਬਚਨ ਕੌਰ ਦਾ ਲੜਕਾ ਦਿਲਬਾਗ ਸਿੰਘ ਅਤੇ ਪੋਤਰੇ ਨਾ ਤਾਂ ਉਸ ਨੂੰ ਰੋਟੀ-ਪਾਣੀ ਦਿੰਦੇ ਸਨ ਅਤੇ ਨਾ ਹੀ ਜ਼ਮੀਨ ਦਾ ਠੇਕਾ ਜਿਸ ਕਰ ਕੇ ਉਹ ਪਰੇਸ਼ਾਨ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਭੂਆ ਪਿੰਡ ਪੂਹਲੇ ਆਪਣੇ ਪੇਕੇ ਘਰ ਆਈ ਹੋਈ ਸੀ ਜਿਸ ਨੂੰ ਸੋਮਵਾਰ ਉਸ ਦਾ ਭਰਾ ਰਣਜੀਤ ਸਿੰਘ (20) ਉਸ ਦੇ ਪਿੰਡ ਮਾਲੂਵਾਲ ਸੰਤਾਂ ਵਿਖੇ ਛੱਡਣ ਗਿਆ ਤਾਂ ਅੱਗੋਂ ਭੂਆ ਦੇ ਪੋਤਰਿਆਂ ਨੇ ਬਾਹਰੋਂ ਸੱਦੇ ਹੋਏ ਅਣਪਛਾਤੇ ਵਿਅਕਤੀਆਂ ਸਮੇਤ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਰਣਜੀਤ ਸਿੰਘ ਦਾ ਕਤਲ ਕਰ ਦਿੱਤਾ ਜਦੋਂ ਕਿ ਭੂਆ ਦਾ ਦੋਹਤਾ ਸਤਨਾਮ ਸਿੰਘ ਸੋਨਾ ਹਮਲੇ ਦੌਰਾਨ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ’ਤੇ ਪੁੱਜੇ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਤੇ ਪਰਿਵਾਰ ਦੇ ਬਿਆਨ ਕਲਮਬੰਦ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।



