International

ਗਾਜ਼ਾ ਸ਼ਹਿਰ ‘ਤੇ ਇਜ਼ਰਾਈਲੀ ਫੌਜ ਦੇ ਹਮਲੇ’ਚ 48 ਲੋਕਾਂ ਦੀ ਮੌਤ

ਇੱਕੋ ਪਰਿਵਾਰ ਦੇ ਸਨ 14 ਮੈਂਬਰ

ਗਾਜ਼ਾ ਸਿੱਟੀ, 14 ਸਤੰਬਰ: ਗਾਜ਼ਾ ਸਿਟੀ ’ਤੇ ਕਬਜ਼ੇ ਲਈ ਇਜ਼ਰਾਇਲੀ ਫ਼ੌਜ ਨੇ ਗੋਲ਼ਾਬਾਰੀ ਤੇ ਬੰਬਾਰੀ ਤੇਜ਼ ਕਰ ਦਿੱਤੀ ਹੈ ਪਰ ਆਹਮੋ-ਸਾਹਮਣੇ ਦੀ ਜੰਗ ਲਈ ਫ਼ੌਜੀ ਹਾਲੇ ਸ਼ਹਿਰ ’ਚ ਦਾਖ਼ਲ ਨਹੀਂ ਹੋਏ ਹਨ। ਤਾਜ਼ਾ ਹਮਲਿਆਂ ਦੇ ਨਤੀਜੇ ਵਜੋਂ ਸ਼ਨਿਚਰਵਾਰ ਨੂੰ ਸ਼ਹਿਰ ’ਚ 48 ਲੋਕ ਮਾਰੇ ਗਏ। ਇਨ੍ਹਾਂ ’ਚੋਂ 14 ਲੋਕ ਇਕ ਹੀ ਪਰਿਵਾਰ ਦੇ ਹਨ। ਇਨ੍ਹਾਂ ਨੂੰ ਮਿਲਾ ਕੇ ਪੂਰੀ ਗਾਜ਼ਾ ਪੱਟੀ ’ਚ 65 ਲੋਕ ਮਾਰੇ ਗਏ ਹਨ। ਗਾਜ਼ਾ ਸਿਟੀ ਫ਼ਲਸਤੀਨੀ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੈ ਤੇ 23 ਮਹੀਨਿਆਂ ਤੋਂ ਵੱਧ ਦੀ ਜੰਗ ’ਚ ਇਜ਼ਰਾਇਲੀ ਫ਼ੌਜ ਉਸ ’ਤੇ ਕਬਜ਼ਾ ਨਹੀਂ ਕਰ ਸਕੀ ਹੈ। ਹਮਾਸ ਦੇ ਗੜ੍ਹ ਗਾਜ਼ਾ ਸਿਟੀ ’ਚ ਲੱਖਾਂ ਲੋਕ ਮੌਜੂਦ ਹਨ। ਇਜ਼ਰਾਇਲੀ ਫ਼ੌਜ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਇਹ ਲੋਕ ਸ਼ਹਿਰ ਨਹੀਂ ਛੱਡ ਰਹੇ। ਸੰਕੇਤ ਹਨ ਕਿ ਵੱਡੀ ਗਿਣਤੀ ’ਚ ਇਜ਼ਰਾਇਲੀ ਬੰਦੀ ਵੀ ਇਥੇ ਹੀ ਕੈਦ ਹਨ। ਹਾਲ ਹੀ ਦੇ ਦਿਨਾਂ ’ਚ ਇਜ਼ਰਾਈਲ ਨੇ ਸ਼ਹਿਰ ਦੀਆਂ ਉੱਚੀਆਂ ਇਮਾਰਤਾਂ ’ਤੇ ਲਗਾਤਾਰ ਹਮਲੇ ਕਰ ਕੇ ਉਨ੍ਹਾਂ ਨੂੰ ਤਬਾਹ ਕੀਤਾ ਹੈ, ਜਿਸ ਨਾਲ ਹਮਾਸ ਦੇ ਲੜਾਕੇ ਇਜ਼ਰਾਇਲੀ ਫ਼ੌਜ ਦੀਆਂ ਸਰਗਰਮੀਆਂ ਨੂੰ ਨਾ ਦੇਖ ਸਕਣ ਤੇ ਨਾ ਹੀ ਉਥੋਂ ਨਿਸ਼ਾਨਾ ਲਗਾ ਸਕਣ। ਹਮਾਸ ਨੇ ਆਮ ਲੋਕਾਂ ’ਤੇ ਹਮਲਿਆਂ ਨੂੰ ਇਜ਼ਰਾਈਲ ਦੀ ਅੱਤਵਾਦੀ ਕਾਰਵਾਈ ਤੇ ਗਿਣਿਆ-ਮਿੱਥਿਆ ਜੰਗੀ ਅਪਰਾਧ ਕਰਾਰ ਦਿੱਤਾ ਹੈ। ਹਮਾਸ ਨੇ ਇਜ਼ਰਾਈਲ ਦੀ ਕਤਲੇਆਮ ਤੇ ਲੋਕਾਂ ਨੂੰ ਜ਼ਬਰਦਸਤੀ ਉਜਾੜਨ ਦੀ ਕਾਰਵਾਈ ’ਤੇ ਵਿਸ਼ਵ ਫਿਰਕੇ ਦੇ ਚੁੱਪ ਰਹਿਣ ’ਤੇ ਸਵਾਲ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਜ਼ਰਾਈਲ ਨੇ ਗਾਜ਼ਾ ਸਿਟੀ ’ਤੇ ਕਬਜ਼ਾ ਕਰਨ ਤੇ ਉਸ ਨੂੰ ਸਥਾਈ ਤੌਰ ’ਤੇ ਬਣਾਈ ਰੱਖਣ ਦਾ ਐਲਾਨ ਕੀਤਾ ਹੈ। ਇਸ ਪਿੱਛੇ ਇਜ਼ਰਾਈਲ ਦਾ ਤਰਕ ਹੈ ਕਿ ਉਹ ਭਵਿੱਖ ’ਚ ਹਮਾਸ ਵਰਗਾ ਕੋਈ ਅੱਤਵਾਦੀ ਸਮੂਹ ਪੈਦਾ ਨਹੀਂ ਹੋਣ ਦੇਣਾ ਚਾਹੁੰਦਾ। ਖ਼ੁਰਾਕ ਸਮੱਗਰੀ ਦੀ ਸਪਲਾਈ ਵਧਾਉਣ ਦੇ ਇਜ਼ਰਾਇਲੀ ਫ਼ੌਜ ਦੇ ਦਾਅਵੇ ਦੇ ਉਲਟ ਗਾਜ਼ਾ ’ਚ ਭੁੱਖ ਸਬੰਧੀ ਬਿਮਾਰੀਆਂ ਨਾਲ ਲੋਕਾਂ ਦਾ ਮਰਨਾ ਜਾਰੀ ਹੈ। ਇਨ੍ਹਾਂ ਬਿਮਾਰੀਆਂ ਨਾਲ ਸ਼ਨਿਚਰਵਾਰ ਨੂੰ ਸੱਤ ਹੋਰ ਲੋਕਾਂ ਦੇ ਮਰਨ ਦੀ ਸੂਚਨਾ ਹੈ। ਇਨ੍ਹਾਂ ਨੂੰ ਮਿਲਾ ਕੇ ਗਾਜ਼ਾ ਪੱਟੀ ’ਚ ਭੁੱਖ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 420 ਹੋ ਗਈ ਹੈ, ਜਿਨ੍ਹਾਂ ਵਿਚ 145 ਬੱਚੇ ਵੀ ਹਨ।

Related Articles

Leave a Reply

Your email address will not be published. Required fields are marked *

Back to top button