
ਪਟਿਆਲਾ, 20 ਅਗਸਤ : ਗੁਰੂ ਨਾਨਕ ਨਗਰ ਵਿਖੇ ਇੱਕ ਨੌਜਵਾਨ ਨੇ ਵਿਆਹ ਤੋਂ ਸਿਰਫ਼ ਤਿੰਨ ਮਹੀਨੇ ਬਾਅਦ ਹੀ ਆਪਣੀ ਪਤਨੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ। ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਲਾਸ਼ 19 ਅਗਸਤ ਨੂੰ ਭਾਖੜਾ ਨਹਿਰ ਦੇ ਖਨੌਰੀ ਇਲਾਕੇ ਵਿੱਚੋਂ ਮਿਲੀ। ਮ੍ਰਿਤਕ ਦੀ ਪਛਾਣ ਦਿਲਪ੍ਰੀਤ ਸਿੰਘ, ਉਮਰ ਲਗਪਗ 27 ਸਾਲ, ਗੁਰੂ ਨਾਨਕ ਨਗਰ ਗਲੀ ਨੰਬਰ ਇੱਕ ਦੇ ਵਸਨੀਕ ਵਜੋਂ ਹੋਈ ਹੈ। ਮ੍ਰਿਤਕ ਦੇ ਵੱਡੇ ਭਰਾ ਜਸਪ੍ਰੀਤ ਸਿੰਘ ਦੇ ਬਿਆਨ ‘ਤੇ ਪੁਲਿਸ ਨੇ ਦਿਲਪ੍ਰੀਤ ਦੀ ਪਤਨੀ ਹਿਮਾਨੀ ਸਿਆਲ, ਸਹੁਰਾ ਸੂਰਜ ਕੁਮਾਰ ਵਾਸੀ ਪਿੰਡ ਚੌਰਾ ਅਤੇ ਗਰਵਿੰਦਰ ਸਿੰਘ ਵਾਸੀ ਸਨੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਅਰਬਨ ਅਸਟੇਟ ਦੇ ਇੰਚਾਰਜ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਹੈ, ਜਲਦੀ ਹੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦਿਲਪ੍ਰੀਤ ਸਿੰਘ ਦਾ ਵਿਆਹ 28 ਮਈ 2025 ਨੂੰ ਹਿਮਾਨੀ ਨਾਲ ਹੋਇਆ ਸੀ, ਪਰ ਵਿਆਹ ਤੋਂ ਬਾਅਦ ਦੋਹਾਂ ਵਿਚਕਾਰ ਝਗੜਾ ਹੋ ਗਿਆ ਸੀ। ਦੋਵਾਂ ਨੂੰ ਕਈ ਵਾਰ ਸਮਝਾਇਆ ਗਿਆ ਪਰ ਦਿਲਪ੍ਰੀਤ ਕਹਿੰਦਾ ਸੀ ਕਿ ਉਸਦੀ ਪਤਨੀ ਦੇ ਕਹਿਣ ‘ਤੇ, ਉਸਦਾ ਸਹੁਰਾ ਅਤੇ ਮਾਮਾ ਗੁਰਵਿੰਦਰ ਸਿੰਘ ਦੋਵੇਂ ਉਸਨੂੰ ਤੰਗ ਕਰਦੇ ਹਨ। ਉਸਦੀ ਪਤਨੀ ਉਸਨੂੰ ਤਿੰਨ ਲੱਖ ਰੁਪਏ ਨਕਦ ਅਤੇ ਜਾਇਦਾਦ ਉਸਦੇ ਨਾਮ ਕਰਵਾਉਣ ਲਈ ਪਰੇਸ਼ਾਨ ਕਰਦੀ ਹੈ ਅਤੇ ਉਸਦਾ ਸਹੁਰਾ ਅਤੇ ਮਾਮਾ ਸਹੁਰਾ ਵੀ ਉਸ ‘ਤੇ ਦਬਾਅ ਪਾਉਂਦੇ ਹਨ।



