
ਫਰੀਦਕੋਟ, 31 ਜੁਲਾਈ : ਜ਼ਿਲ੍ਹੇ ਦੇ ਕਸਬਾ ਸਾਦਿਕ ਦੀ ਐੱਸਬੀਆਈ ਬਰਾਂਚ ਵਿੱਚੋਂ ਕਰੋੜਾਂ ਰੁਪਏ ਦੀ ਧੋਖਾਧੜੀ ਕਰ ਕੇ ਫ਼ਰਾਰ ਹੋਏ ਮੁਲਜ਼ਮ ਅਮਿਤ ਢੀਂਗਰਾ ਨੂੰ ਆਖ਼ਰ ਪੁਲਿਸ ਨੇ ਮਥੁਰਾ ਤੋਂ ਕਾਬੂ ਕਰ ਲਿਆ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੀ ਗਈ ਉਸ ਦੀ ਪਤਨੀ ਰੁਪਿੰਦਰ ਕੌਰ ਦੀ ਜ਼ਮਾਨਤ ਅਰਜ਼ੀ ਬੁੱਧਵਾਰ ਨੂੰ ਸਥਾਨਕ ਅਦਾਲਤ ਨੇ ਖ਼ਾਰਜ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਬੈਂਕ ਵਿਚ ਲੋਕਾਂ ਦੇ ਖਾਤਿਆਂ, ਐੱਫਡੀ, ਲਾਕਰ, ਮਿਊਚੁਅਲ ਫੰਡ, ਬੀਮਾ ਆਦਿ ਦੇ ਕਰੋੜਾਂ ਰੁਪਏ ਲੈ ਕੇ ਕਲਰਕ ਅਮਿਤ ਢੀਂਗਰਾ ਫ਼ਰਾਰ ਹੋ ਗਿਆ ਸੀ। ਇਸ ਦਾ ਪਤਾ ਬੈਂਕ ਅਧਿਕਾਰੀਆਂ ਨੂੰ ਬੀਤੀ 21 ਜੁਲਾਈ ਨੂੰ ਉਦੋਂ ਪਤਾ ਲੱਗਾ ਸੀ, ਜਦੋਂ ਕੁਝ ਲੋਕਾਂ ਨੇ ਆਪਣੇ ਖਾਤਿਆਂ ਵਿਚ ਗੜਬੜੀ ਦੀ ਸ਼ਿਕਾਇਤ ਕੀਤੀ ਸੀ ਜਦਕਿ ਉਦੋਂ ਤੱਕ ਢੀਂਗਰਾ ਭੱਜ ਚੁੱਕਾ ਸੀ। ਇਸ ਮਾਮਲੇ ਵਿਚ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਢੀਂਗਰਾ ਨੇ ਕਰੀਬ ਡੇਢ ਸੌ ਵਿਅਕਤੀਆਂ ਨਾਲ ਵਿੱਤੀ ਧੋਖਾਧੜੀ ਕੀਤੀ ਸੀ। ਕਲਰਕ ਵਜੋਂ ਇਹ ਮੁਲਜ਼ਮ ਲੰਮੇਂ ਸਮੇਂ ਤੋਂ ਬੈਂਕ ਵਿਚ ਕੰਮ ਕਰ ਰਿਹਾ ਸੀ ਤੇ ਲੋਕਾਂ ਦਾ ਵਿਸ਼ਵਾਸ ਜਿੱਤ ਚੁੱਕਾ ਸੀ। ਲੋਕ ਇਸ ਨੂੰ ਆਪਣੇ ਲੱਖਾਂ ਰੁਪਏ ਜਮ੍ਹਾਂ ਕਰਵਾਉਣ ਲਈ ਦੇ ਜਾਂਦੇ ਸਨ। ਕਈ ਵਾਰ ਇਹ ਰਕਮ ਜਮ੍ਹਾਂ ਕਰਵਾਉਣ ਦੀ ਬਜਾਏ ਆਪਣੇ ਕੋਲ ਰੱਖ ਲੈਂਦਾ ਸੀ। ਉਸ ਨੇ ਲੋਕਾਂ ਦੀ ਐੱਸਐੱਮਐੱਸ ਸੇਵਾ ਵੀ ਬੰਦ ਕਰ ਦਿੱਤੀ ਸੀ। ਦੂਜੇ ਪਾਸੇ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ ਤੇ 25 ਜੁਲਾਈ ਨੂੰ ਪੁਲਿਸ ਨੇ ਢੀਂਗਰਾ ਦੀ ਪਤਨੀ ਰੁਪਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੈਜਿਸਟਰੇਟ ਲਵਦੀਪ ਸਿੰਘ ਹੁੰਦਲ ਨੇ ਸਾਦਿਕ ਬੈਂਕ ਘੁਟਾਲੇ ਵਿਚ ਗ੍ਰਿਫ਼ਤਾਰ ਕੀਤੀ ਗਈ ਮੁਲਜ਼ਮ ਰੁਪਿੰਦਰ ਕੌਰ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਪੁਲਿਸ ਮੁਤਾਬਕ ਇਸ ਔਰਤ ਦੇ ਖਾਤਿਆਂ ਰਾਹੀਂ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ। ਦੂਜੇ ਪਾਸੇ ਮੁਲਜ਼ਿਮਾ ਰੁਪਿੰਦਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਇਸ ਵਿੱਤੀ ਲੈਣ-ਦੇਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਖਾਤੇ ਉਸ ਦਾ ਘਰ ਵਾਲਾ ਹੀ ਚਲਾਉਂਦਾ ਸੀ ਤੇ ਉਸ ਨੇ ਨਾ ਤਾਂ ਕਦੇ ਆਪਣੇ ਖਾਤੇ ਵਿਚ ਪੈਸੇ ਜਮ੍ਹਾ ਕਰਵਾਏ ਤੇ ਨਾ ਕਢਵਾਏ ਹਨ।



