Punjab

ਨਲਾਸ ਖੁਰਦ ’ਚ ਹੋਇਆ ਕਰੋੜਾਂ ਦਾ ਘਪਲਾ

ਵਿਜੀਲੈਂਸ ਵੱਲੋਂ ਪੁਰਾਣੀ ਪੰਚਾਇਤ ਸਮੇਤ 10 ਖ਼ਿਲਾਫ਼ ਪਰਚਾ ਦਰਜ

ਪਟਿਆਲਾ, 31 ਜੁਲਾਈ : ਵਿਜੀਲੈਂਸ ਨੇ ਪਿੰਡ ਨਲਾਸ ਖੁਰਦ ਦੇ ਵਿਕਾਸ ਕੰਮਾਂ ਵਿਚ ਹੋਏ ਕਰੋੜਾਂ ਦੇ ਘਪਲੇ ਸਬੰਧੀ 2019 ਤੋਂ 2022 ਤੱਕ ਰਹੀ ਪੰਚਾਇਤ ਸਮੇਤ ਕੁੱਲ 10 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਵਿਜੀਲੈਂਸ ਨੇ ਪਿੰਡ ਨਲਾਸ ਖੁਰਦ ਦੇ ਸਰਪੰਚ ਮੁਨਸ਼ੀ ਰਾਮ, ਪੰਚ ਸੁਰਿੰਦਰ ਸਿੰਘ, ਪੰਚ ਸੋਮ ਚੰਦ, ਪੰਚ ਜੰਗੀਰ ਸਿੰਘ, ਪੰਚ ਵੇਦ ਪ੍ਰਕਾਸ਼, ਜੇ.ਈ ਅਮਰਜੀਤ ਕੁਮਾਰ, ਪੰਚਾਇਤ ਸਕੱਤਰ ਜਸਵੀਰ ਚੰਦ ਤੇ ਰਜਿੰਦਰ ਕੁਮਾਰ, ਠੇਕੇਦਾਰ ਦਿਨੇਸ਼ ਕੁਮਾਰ ਬੰਸਲ, ਮੋਹਨ ਲਾਲ ਵਾਸੀ ਪਿੰਡ ਮਾਣਕਪੁਰ ਨੂੰ ਨਾਮਜ਼ਦ ਕੀਤਾ ਹੈ। ਵਿਜੀਲੈਂਸ ਵਲੋਂ ਦਰਜ ਪਰਚੇ ਮੁਤਾਬਕ ਸਰਪੰਚ ਮੁਨਸ਼ੀ ਰਾਮ, ਸੁਰਿੰਦਰ ਸਿੰਘ ਪੰਚ, ਸੋਮ ਚੰਦ ਪੰਚ, ਜੰਗੀਰ ਸਿੰਘ ਪੰਚ, ਵੇਦ ਪ੍ਰਕਾਸ਼ ਪੰਚ ਪਿੰਡ ਨਲਾਸ ਵਿਚ ਸਾਲ 2019 ਤੋਂ ਲੈ ਕੇ 2022 ਤੱਕ ਤਾਇਨਾਤ ਰਹੇ ਹਨ। ਜਨਵਰੀ 2019 ਵਿਚ ਪਿੰਡ ਨਲਾਸ ਖੁਰਦ ਨੂੰ 58.43 ਕਰੋੜ ਰੁਪਏ ਪੁਰਾਣੀ ਪੰਚਾਇਤ ਤੋਂ ਪ੍ਰਾਪਤ ਹੋਏ ਸਨ। ਜਨਵਰੀ 2019 ਤੋਂ ਅਗਸਤ 202 ਤੱਕ ਨਲਾਸ ਖੁਰਦ ਨੂੰ ਵੱਖ-ਵੱਖ ਵਸੀਲਿਆਂ ਬੈਂਕਾਂ ਤੋਂ ਵਿਆਜ, 14ਵਾਂ ਤੇ 15ਵਾਂ ਵਿੱਤ ਕਮਿਸ਼ਨ ਪੰਜਾਬ ਵਿੱਤ ਕਮਿਸ਼ਨ ਪੰਜਾਬ, ਨਿਰਮਾਣ ਸਮੱਗਰੀ ਤੇ ਜ਼ਮੀਨ ਦੀ ਨਿਲਾਮੀ ਮਿਆਦ ਤੋਂ 7.50 ਕਰੋੜ ਰੁਪਏ ਪ੍ਰਾਪਤ ਹੋਏ ਸਨ। ਪੜਤਾਲ ਦੌਰਾਨ ਪਾਇਆ ਗਿਆ ਹੈ ਕਿ ਪੰਚਾਇਤ ਵੱਲੋਂ ਵੱਖ-ਵੱਖ ਕੰਮਾਂ ’ਤੇ 32,20,59,348 ਰੁਪਏ ਖਰਚ ਕੀਤੇ ਗਏ। ਵਿਜੀਲੈਂਸ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਦੀ ਘੋਖ ਪੜਤਾਲ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਕਰੀਬ 29,96,33,614 ਰੁਪਏ ਦੇ ਖਰਚ ਸਬੰਧੀ ਪੰਚਾਇਤ ਵੱਲੋਂ ਕੋਈ ਰਿਕਾਰਡ ਨਹੀਂ ਹੈ। ਪੰਚਾਇਤ ਵੱਲੋਂ ਪਿੰਡ ਵਿਚ ਬਣਾਏ ਸਟੇਡੀਅਮ ਦੇ ਇੱਕੋ ਕੰਮ ਨੂੰ ਵੱਖ-ਵੱਖ ਸਮੇਂ ਤੇ ਪੱਥਰਾਂ ਨੰਬਰਾਂ ਰਾਹੀਂ ਮਨਜ਼ੂਰ ਕੀਤਾ ਗਿਆ, ਜੋ ਕਿ ਪੰਚਾਇਤ ਰਾਜ ਐਕਟ ਦੀ ਉਲੰਘਣਾ ਹੈ। ਸਟੇਡੀਅਮ ਦੇ ਕੰਮ ਵਿਚ ਕੁੱਲ ਵਿੱਤੀ ਨੁਕਸਾਨ 3,61,09,454 ਰੁਪਏ ਬਣਦਾ ਹੈ।ਸ਼ਮਸ਼ਾਨ ਘਾਟ ਵਿਚ ਕਰਵਾਏ ਗਏ ਕੰਮਾਂ ਸਬੰਧੀ ਪੜਤਾਲ ਵਿਚ ਸਾਹਮਣੇ ਆਇਆ ਕਿ ਸ਼ਮਸ਼ਾਨਘਾਟ ਅੰਦਰ ਪੰਚਾਇਤ ਵੱਲੋਂ ਸੰਸਕਾਰ ਵਾਲੀ ਬਿਜਲੀ ਦੀ ਭੱਠੀ ਲਗਾਉਣ ਦੀ ਅਦਾਇਗੀ ਕੀਤੀ ਗਈ ਹੈ, ਜੋ ਕਿ ਸ਼ਮਸ਼ਾਨਘਾਟ ਵਿਚ ਲੱਗੀ ਹੀ ਨਹੀਂ। ਇਸ ਭੱਠੀ ਲਈ ਪੰਚਾਇਤ ਵੱਲੋਂ ਜੇਈ ਦੇ ਐਸਟੀਮੇਟ ਮੁਤਾਬਕ ਵੱਖ-ਵੱਖ ਫਰਮਾਂ ਨੂੰ ਅਦਾਇਗੀ ਕੀਤੀ ਗਈ। ਵਿਜੀਲੈਂਸ ਦੀ ਰਿਪੋਰਟ ਮੁਤਾਬਕ ਇਸ ਜਾਅਲੀ ਖ਼ਰੀਦ ਨਾਲ 43,32,883 ਰੁਪਏ ਦੇ ਸਰਕਾਰੀ ਫੰਡਾਂ ਦਾ ਗਬਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਚਾਇਤ ਵੱਲੋਂ ਵੱਖ-ਵੱਖ ਥਾਵਾਂ ਤੇ ਕੈਮਰੇ ਲਗਾਉਣ ਸਬੰਧੀ 20 ਲੱਖ 27580 ਰੁਪਏ ਦੀ ਅਦਾਇਗੀ ਹੋਣੀ ਪਾਈ ਗਈ ਜਦਕਿ ਪਿੰਡ ਵਿਚ ਬਹੁਤ ਘੱਟ ਗਿਣਤੀ ਵਿਚ ਕੈਮਰੇ ਲੱਗੇ ਹੋਣੇ ਪਾਏ ਗਏ ਹਨ। ਵਿਜੀਲੈਂਸ ਦੀ ਇਕ ਹੋਰ ਰਿਪੋਰਟ ਵਿਚ ਖੁਲਾਸਾ ਹੋਇਆ ਕਿ ਪਿੰਡ ਵਿਚ ਬਣੀਆਂ ਕੰਕਰੀਟ ਦੀਆਂ ਗਲੀਆਂ ਦੇ ਕੰਮ ਵਿਚ ਵਾਧੂ ਦਾ ਖਰਚਾ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਪਿੰਡ ਰਾਈ ਮਾਜਰਾ ਵਿਚ ਬਣੇ ਡਰੇਨ ਤੇ ਨਾਲਿਆਂ ਤੇ ਸ਼ਮਸ਼ਾਨਘਾਟ ਦੇ ਕੰਮਾਂ ਵਿਚ ਵੀ ਦੋ ਕਰੋੜ 54 ਲੱਖ 26,538 ਦਾ ਵਾਧੂ ਖਰਚਾ ਕੀਤਾ ਗਿਆ ਹੈ। ਪਿੰਡ ਦੀ ਐੱਸਸੀ ਧਰਮਸ਼ਾਲਾ ਦੀ ਉਸਾਰੀ, ਪੁਰਾਣੀ ਐੱਸਸੀ ਧਰਮਸ਼ਾਲਾ ਵਿਖੇ ਕਮਰੇ ਦੀ ਉਸਾਰੀ ਤੇ ਹੋਰ ਕੰਮ ਵਿਚ ਵੀ ਫੰਡਾਂ ਦੀ ਗੜਬੜੀ ਹੋਈ ਹੈ। ਵਿਜੀਲੈਂਸ ਨੇ ਪੜਤਾਲ ਮੁਕੰਮਲ ਕਰ ਕੇ ਪੰਚਾਇਤ ਸਮੇਤ ਕੁੱਲ 10 ਜਣਿਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।

Related Articles

Leave a Reply

Your email address will not be published. Required fields are marked *

Back to top button