CIA ਸਟਾਫ ਦੀ ਪੁਲਿਸ ਨੇ 510 ਕਿੱਲੋ ਚੂਰਾ ਪੋਸਤ ਸਣੇ ਕੀਤੇ 4 ਕਾਬੂ, ਟਰੱਕ ‘ਚ ਲੱਦੀਆਂ ਪਿਆਜ਼ਾਂ ਦੀਆਂ ਬੋਰੀਆਂ ਹੇਠ ਰੱਖਿਆ ਸੀ ਪੋਸਤ

ਤਰਨਤਾਰਨ, 2 ਜੁਲਾਈ : ਟਰੱਕ ਵਿਚ ਪਿਆਜ਼ਾਂ ਦੀਆਂ ਬੋਰੀਆਂ ਹੇਠ ਲੁਕੋ ਕੇ ਲਿਆਂਦੇ ਜਾ ਰਹੇ ਚੂਰਾ ਪੋਸਤ ਦੀ ਵੱਡੀ ਖੇਪ ਨੂੰ ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਸੂਚਨਾ ਦੇ ਅਧਾਰ ’ਤੇ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਟਰੱਕ ਵਿਚ ਬੈਠੇ 2 ਵਿਅਕਤੀਆਂ ਤੋਂ ਇਲਾਵਾ ਟਰੱਕ ਦੇ ਨਾਲ ਆ ਰਹੀ ਸਪਕਾਰਪਿਓ ਗੱਡੀ ਵਿਚ ਸਵਾਰ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚਾਰਾਂ ਖਿਲਾਫ਼ ਥਾਣਾ ਸਦਰ ਪੱਟੀ ਵਿਚ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਅਗਵਾਈ ਹੇਠ ਏਐੱਸਆਈ ਹਰਜਿੰਦਰ ਸਿੰਘ ਪੁਲਿਸ ਪਾਰਟੀ ਸਣੇ ਗਸ਼ਤ ’ਤੇ ਸਨ। ਜਦੋਂ ਉਹ ਅੱਡਾ ਬੋਪਾਰਾਏ ਮੌਜੂਦ ਸਨ ਤਾਂ ਉਨ੍ਹਾਂ ਦੇ ਹੱਥ ਸੂਚਨਾ ਲੱਗੀ ਕਿ ਟਰੱਕ ਨੰਬਰ ਪੀਬੀ02 ਏਐੱਫ 9547 ਵਿਚ ਸਵਾਰ ਚਾਲਕ ਗੁਰਦੇਵ ਸਿੰਘ ਪੁੱਤਰ ਉਪਕਾਰ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ ਪੁੱਤਰ ਪ੍ਰਗਟ ਸਿੰਘ ਦੋਵੇਂ ਵਾਸੀ ਚੇਲਾ ਕਲੋਨੀ ਭਿੱਖੀਵਿੰਡ ਨੇ ਟਰੱਕ ਵਿਚ ਪਿਆਜ਼ ਲੋਡ ਕੀਤੇ ਹਨ ਅਤੇ ਪਿਆਜ਼ ਦੇ ਤੋੜਿਆਂ ਹੇਠ ਇਨ੍ਹਾਂ ਨੇ ਚੂਰਾ ਪੋਸਤ ਲੁਕੋ ਕੇ ਰੱਖਿਆ ਹੈ। ਹਰੀਕੇ ਤੋਂ ਭਿੱਖੀਵਿੰਡ ਵੱਲ ਜਾ ਰੇਹ ਟਰੱਕ ਦੇ ਨਾਲ ਨਾਲ ਇਹ ਵੀ ਸੂਚਨਾ ਮਿਲੀ ਕਿ ਇਨ੍ਹਾਂ ਦੇ ਨਾਲ ਇਕ ਸਕਾਰਪਿਓ ਗੱਡੀ ਪੀਬੀ88 7587 ਵੀ ਆ ਰਹੀ ਹੈ, ਜਿਸ ਵਿਚ ਗੁਰਸੇਵਕ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਕਾਲੇ ਅਤੇ ਗੁਰਦੇਵ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਕੰਬੋਅ ਢਾਏ ਵਾਲਾ ਸਵਾਰ ਹਨ ਅਤੇ ਇਹ ਸਾਰੇ ਜਣੇ ਰਲ ਕੇ ਚੂਰਾ ਪੋਸਤ ਵੇਚਣ ਦਾ ਧੰਦਾ ਕਰਦੇ ਹਨ। ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਤੁਰੰਤ ਨਾਕੇਬੰਦੀ ਕਰਕੇ ਦੋਵਾਂ ਗੱਡੀਆਂ ਨੂੰ ਰੋਕ ਲਿਆ ਅਤੇ ਟਰੱਕ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ 510 ਕਿੱਲੋ ਚੂਰਾ ਪੋਸਤ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ ਅਤੇ ਗੁਰਦੇਵ ਸਿੰਘ ਪੁੱਤਰ ਸਲਵਿੰਦਰ ਸਿੰਘ ਨੂੰ ਦੋਵੇਂ ਵਾਹਨਾਂ ਸਣੇ ਗ੍ਰਿਫਤਾਰ ਕਰਕੇ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ।



