Punjab

ਵੱਡੀ ਖ਼ਬਰ: ਪੰਜਾਬ ਪੁਲਿਸ ਵੱਲੋਂ ਦੋ ਕਥਿਤ ਜਾਸੂਸ ਗ੍ਰਿਫਤਾਰ, ਪਾਕਿ ਨੂੰ ਖੁਫੀਆ  ਜਾਣਕਾਰੀ ਦੇਣ ਦਾ ਦੋਸ਼

ਗੁਰਦਾਸਪੁਰ, 19 ਮਈ 2025- ਗੁਰਦਾਸਪੁਰ ਪੁਲਿਸ ਨੇ ਫੌਜ ਦੀ ਖੂਫ਼ੀਆ ਜਾਣਕਾਰੀ ਲੀਕ ਕਰਨ ‘ਚ ਸ਼ਾਮਲ ਦੋ ਕਥਿਤ ਜਾਸੂਸਾਂ ਨੂੰ ਗ੍ਰਿਫਤਾਰ ਕਰਕੇ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਰੋਸੇਯੋਗ ਖੁਫੀਆ ਸੂਚਨਾ ਮਿਲੀ ਸੀ ਕਿ ਮੁਲਜ਼ਮ ਸੁਖਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਆਦੀਆਂ ਤੇ ਕਰਨਬੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਚੰਦੂਵਡਾਲਾ ਆਪਰੇਸ਼ਨ ਸਿੰਦੂਰ ਨਾਲ ਸਬੰਧਤ ਗੁਪਤ ਜਾਣਕਾਰੀ ਸਾਂਝੀ ਕਰਨ ‘ਚ ਲੱਗੇ ਹੋਏ ਸਨ। ਇਸ ਜਾਣਕਾਰੀ ‘ਚ ਫੌਜ ਦੀਆਂ ਗਤੀਵਿਧੀਆਂ ਤੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ‘ਚ ਮੁੱਖ ਰਣਨੀਤਕ ਸਥਾਨ ਸ਼ਾਮਲ ਸਨ। ਦੋਵਾਂ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਸਬੰਧ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੇ ਮੋਬਾਈਲ ਫੋਨ ਦੀ ਫੋਰੈਂਸਿਕ ਜਾਂਚ ਤੋਂ ਖੁਫੀਆ ਜਾਣਕਾਰੀ ਲੀਕ ਕਰਨ ਦੀ ਪੁਸ਼ਟੀ ਹੋਈ। ਪੁਲਿਸ ਟੀਮ ਨੇ ਉਨ੍ਹਾਂ ਕਬਜ਼ੇ ‘ਚੋਂ 3 ਮੋਬਾਈਲ ਫੋਨ ਤੇ 8 ਕਾਰਤੂਸ (30 ਬੋਰ) ਵੀ ਬਰਾਮਦ ਕੀਤੇ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਆਈਐਸਆਈ ਹੈਂਡਲਰਾਂ ਨਾਲ ਸਿੱਧੇ ਸੰਪਰਕ ‘ਚ ਸਨ ਅਤੇ ਉਨ੍ਹਾਂ ਨੇ ਭਾਰਤੀ ਹਥਿਆਰਬੰਦ ਫੌ਼ਜਾਂ ਨਾਲ ਸਬੰਧਤ ਮਹੱਤਵਪੂਰਨ ਲੀਕ ਕੀਤੀ ਸੀ। ਦੋਰਾਂਗਲਾ ਪੁਲਿਸ ਸਟੇਸ਼ਨ ‘ਚ ਪ੍ਰਾਈਵੇਸੀ ਐਕਟ ਦੇ ਤਹਿਤ ਮੁਲਜ਼ਮ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਜਾਂਚ ਦੌਰਾਨ ਹੋਰ ਵੀ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button