AI ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਡਿੱਗਦਾ ਹੋਇਆ ਦਿਖਾਇਆ, FIR ਦਰਜ
ਹੈੱਡ ਗ੍ਰੰਥੀ ਨੇ ਕਿਹਾ- ਵੀਡੀਓ ਬਣਾਉਣ ਵਾਲੇ ’ਤੇ ਹੋਵੇ ਕਾਰਵਾਈ

ਅੰਮ੍ਰਿਤਸਰ, 19 ਅਗਸਤ : ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਦੁਰਵਰਤੋਂ ਕਰਦੇ ਹੋਏ ਕਿਸੇ ਵਿਅਕਤੀ ਨੇ ਅਜਿਹਾ ਵੀਡੀਓ ਬਣਾਇਆ ਹੈ ਜਿਸ ’ਚ ਸ੍ਰੀ ਹਰਿਮੰਦਰ ਸਾਹਿਬ ਨੂੰ ਦੋ ਟੁੱਕੜਿਆਂ ’ਚ ਵੰਡ ਕੇ ਇਕ ਪਾਸੇ ਡਿੱਗਦਾ ਦਿਖਾਇਆ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੀ ਸ਼ਿਕਾਇਤ ’ਤੇ ਅੰਮ੍ਰਿਤਸਰ ਪੁਲਿਸ ਨੇ ਇਸ ਮਾਮਲੇ ’ਚ ਐੱਫਆਈਆਰ ਦਰਜ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਘੱਟੋ-ਘੱਟ ਦਸ ਈਮੇਲ ਐੱਸਜੀਪੀਸੀ ਦੇ ਈਮੇਲ ਅਡਰੈੱਸ ’ਤੇ ਭੇਜੇ ਜਾ ਚੁੱਕੇ ਹਨ। ਇਸ ਮਾਮਲੇ ’ਚ ਹਾਲੇ ਦੋਸ਼ੀ ਫੜਿਆ ਨਹੀਂ ਗਿਆ। ਵੀਡੀਓ ਵਾਇਰਲ ਹੋਣ ਦੇ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਕਿਹਾ ਕਿ ਏਆਈ ਤਕਨੀਕ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਇਕ ਪਾਸੇ ਡਿੱਗਦਾ ਹੋਇਆ ਦਿਖਾਇਆ ਜਾਣਾ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਜਿਸ ਪਵਿੱਤਰ ਅਸਥਾਨ ਤੋਂ ਸਾਰਿਆਂ ਨੂੰ ਸਾਂਝਾ ਉਪਦੇਸ਼ ਮਿਲਦਾ ਹੋਵੇ, ਕਿਸੇ ਨਾਲ ਵਿਤਕਰਾ ਨਾ ਕੀਤਾ ਜਾਂਦਾ ਹੋਵੇ, ਮਨੁੱਖਤਾ ਦਾ ਕੇਂਦਰ ਹੋਵੇ, ਉਸਦੀ ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਵਾਇਰਲ ਕਰਨਾ ਗਲਤ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਵੀਡੀਓ ਨੂੰ ਲਾਈਕ ਜਾਂ ਸ਼ੇਅਰ ਨਾ ਕਰੋ। ਅਜਿਹੇ ਵੀਡੀਓ ਨੂੰ ਰਿਪੋਰਟ ਪੋਸਟ ਕਰ ਕੇ ਲਾਕ ਕਰਨ ਦੀ ਕੋਸ਼ਿਸ਼ ਕੀਤੀ ਜਾਏ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਵੀਡੀਓ ਬਣਾਉਣ ਵਾਲੇ ’ਤੇ ਛੇਤੀ ਕਾਰਵਾਈ ਕੀਤੀ ਜਾਏ। ਉਨ੍ਹਾਂਕਿਹਾ ਕਿ ਏਆਈ ਤਕਨੀਕ ਨਾਲ ਗੁਰੂ ਸਾਹਿਬ ਦੀਆਂ ਤਸਵੀਰਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਭੰਗੜਾ ਪਾਉਂਦਿਆਂ ਪੋਸਟ ਵਾਇਰਲ ਕੀਤੀ ਗਈ।



