Punjab

ਪਿੰਡ ਗੜ੍ਹੀ ’ਚ ਵਿਆਹੁਤਾ ਔਰਤ ਵੱਲੋਂ ਖੁਦਕਸ਼ੀ

ਬੇਲਾ, 13 ਸਤੰਬਰ : ਕਸਬਾ ਬੇਲਾ ਪੁਲੀਸ ਚੌਂਕੀ ਅਧੀਨ ਪੈਂਦੇ ਪਿੰਡ ਗੜ੍ਹੀ ਵਿਚ ਇੱਕ ਵਿਆਹੁਤਾ ਔਰਤ ਵੱਲੋਂ ਪੱਖੇ ਨਾਲ ਲਟਕ ਕੇ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ , ਜਦੋਂ ਕਿ ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਵੱਲੋਂ ਔਰਤ ਦੇ ਸਹੁਰੇ ਪਰਿਵਾਰ ‘ਤੇ ਕਤਲ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ ਲਈ ਸਰਕਾਰੀ ਸਿਵਲ ਹਸਪਤਾਲ ਰੂਪਨਗਰ ਵਿਖੇ ਭੇਜ ਦਿੱਤਾ। ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਰਜੀਤ ਕੌਰ (40) ਪਿੰਡ ਕਡਾਲ ਕਲਾਂ ਜ਼ਿਲਾ ਕਪੂਰਥਲਾ, ਜੋ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਬੁੱਚੜਾਂ ਨੇੜੇ ਸਾਧੂਗੜ ਆਪਣੀ ਭੂਆ ਕੋਲ ਰਹਿ ਕੇ ਵੱਡੀ ਹੋਈ ਸੀ। ਉਨਾਂ ਕਿਹਾਕਿ ਉਸ ਦਾ ਵਿਆਹ ਕਰੀਬ 18 ਸਾਲ ਪਹਿਲਾਂ ਪਿੰਡ ਗੜ੍ਹੀ ਦੇ ਪਰਮਜੀਤ ਸਿੰਘ ਨਾਲ ਹੋਇਆ ਸੀ ਜਿਨ੍ਹਾਂ ਕੋਲ ਇੱਕ 17 ਸਾਲ ਦਾ ਲੜਕਾ ਵੀ ਹੈ। ਉਨਾਂ ਦੱਸਿਆ ਕਿ ਪਰਮਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਪਤਨੀ ਕਾਫੀ ਸਮੇ ਤੋਂ ਅੰਦਰੂਨੀ ਬਿਮਾਰੀ ਤੋਂ ਪੀੜਤ ਸੀ,ਜਿਸ ਦਾ ਉਸ ਵੱਲੋਂ ਇਲਾਜ ਵੀ ਕਾਫੀ ਕਰਵਾਇਆ ਗਿਆ ਪ੍ਰੰਤੂ ਬਿਮਾਰੀ ਰੁਕ ਨਹੀਂ ਰਹੀ ਸੀ ਅਤੇ ਉਹ ਪ੍ਰੇਸ਼ਾਨ ਰਹਿੰਦੀ ਸੀ । ਉਨ੍ਹਾਂ ਦੱਸਿਆ ਕਿ ਉਹ ਅੱਜ ਆਪਣੇ ਖੇਤਾਂ ਵਿਚ ਕੰਮ ਕਰਨ ਲਈ ਗਏ ਹੋਏ ਸਨ ਤਾਂ ਪਿੱਛੋਂ ਅਮਰਜੀਤ ਕੌਰ ਨੇ ਪੱਖੇ ਨਾਲ ਲਟਕ ਕੇ ਖੁਦਕਸ਼ੀ ਕਰ ਲਈ। ਜਦੋਂਕਿ ਮ੍ਰਿਤਕ ਅਮਰਜੀਤ ਕੌਰ ਦੇ ਪਿਤਾ ਮਹਿੰਦਰ ਸਿੰਘ ਨੇ ਸਹੁਰੇ ਪਰਿਵਾਰ ਦੇ ਉਸ ਦੀ ਲੜਕੀ ਨੂੰ ਕਤਲ ਕਰ ਦੇਣ ਦੇ ਦੋਸ਼ ਲਗਾਏ ਹਨ । ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮ੍ਰਿਤਕ ਦੇ ਪਿਤਾ ਮਹਿੰਦਰ ਸਿੰਘ ਦੇ ਬਿਆਨ ਦਰਜ ਕਰਕੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਮ੍ਰਿਤਕ ਅਮਰਜੀਤ ਕੌਰ ਦਾ ਕੱਲ੍ਹ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button