ਦਿੱਲੀ ਅੰਮ੍ਰਿਤਸਰ ਬੁਲੇਟ ਟਰੇਨ: 39 ਪਿੰਡਾਂ ਦੀ ਜ਼ਮੀਨ ਕੀਤੀ ਜਾਵੇਗੀ ਐਕਵਾਇਰ; ਸਰਵੇਖਣ ਦਾ ਕੰਮ ਮੁਕੰਮਲ,ਕਿਸਾਨਾਂ ਨੇ ਕੀਮਤ ਨੂੰ ਲੈ ਕੇ ਪ੍ਰਗਟਾਇਆ ਇਤਰਾਜ਼

ਮੋਹਾਲੀ, 23 ਫਰਵਰੀ- ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਬੁਲੇਟ ਟ੍ਰੇਨ ਲਈ ਸਰਵੇਖਣ ਦਾ ਕੰਮ ਮੁਕੰਮਲ ਹੋ ਗਿਆ ਹੈ। ਹੁਣ ਇਸ ਮੰਤਵ ਲਈ ਮੋਹਾਲੀ ਨੇੜੇ ਲਗਪਗ 39 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਜ਼ਮੀਨ ਦੀ ਕੀਮਤ ਨਿਰਧਾਰਤ ਕਰਨ ਲਈ ਇੱਕ ਕਮੇਟੀ ਬਣਾਈ ਜਾਵੇਗੀ। ਹਾਲਾਂਕਿ, ਕਿਸਾਨ ਪਹਿਲਾਂ ਹੀ ਜ਼ਮੀਨ ਦੀ ਕੀਮਤ ਨੂੰ ਲੈ ਕੇ ਇਤਰਾਜ਼ ਜ਼ਾਹਰ ਕਰ ਚੁੱਕੇ ਹਨ। ਇਸ ਲਈ ਕਿਸਾਨ ਆਗੂਆਂ ਨੇ ਮੋਹਾਲੀ ਦੀ ਡੀਸੀ ਆਸ਼ਿਕਾ ਜੈਨ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਜ਼ਮੀਨ ਐਕਵਾਇਰ ਕਰਨ ਤੋਂ ਪਹਿਲਾਂ ਕਿਸਾਨਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਕੀਮਤ ਤੈਅ ਕੀਤੀ ਜਾਵੇ। ਕਿਸਾਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਭਾਰਤਮਾਲਾ ਪ੍ਰੋਜੈਕਟ ਤਹਿਤ ਐਕਵਾਇਰ ਕੀਤੀ ਜ਼ਮੀਨ ਦਾ ਪੂਰਾ ਮੁੱਲ ਨਹੀਂ ਮਿਲਿਆ ਹੈ। ਉਹ ਅੱਜ ਤੱਕ ਇਸ ਲਈ ਲੜ ਰਹੇ ਹਨ, ਇਸ ਲਈ ਬੁਲੇਟ ਟ੍ਰੇਨ ਪ੍ਰੋਜੈਕਟ ਲਈ ਜ਼ਮੀਨ ਦੇਣ ਤੋਂ ਪਹਿਲਾਂ ਕੀਮਤ ਨਿਰਧਾਰਤ ਕੀਤੀ ਜਾਣੀ ਚਾਹੀਦੀ ਹੈ। ਕਿਸਾਨ ਆਗੂ ਰਣਵੀਰ ਸਿੰਘ ਗਰੇਵਾਲ ਅਨੁਸਾਰ ਭਾਰਤਮਾਲਾ ਪ੍ਰੋਜੈਕਟ ਵਿੱਚ ਉਨ੍ਹਾਂ ਨੂੰ ਮੁਹਾਲੀ ਤਹਿਸੀਲ ਵਿੱਚ ਜ਼ਮੀਨ ਲਈ 1.59 ਕਰੋੜ ਰੁਪਏ ਅਤੇ ਖਰੜ ਤਹਿਸੀਲ ਵਿੱਚ ਜ਼ਮੀਨ ਲਈ 1.1 ਕਰੋੜ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਗਿਆ ਸੀ। ਹਾਲਾਂਕਿ, ਮੋਹਾਲੀ ਅਤੇ ਖਰੜ ਦੀ ਸਾਰੀ ਜ਼ਮੀਨ ਵਪਾਰਕ ਜ਼ਮੀਨ ਹੈ। ਇਸ ਲਈ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਜਿਸ ਤਰ੍ਹਾਂ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ ਵੱਲੋਂ ਲਈ ਗਈ ਜ਼ਮੀਨ ਲੈਂਡ ਪੂਲਿੰਗ ਤਹਿਤ ਦਿੱਤੀ ਜਾਂਦੀ ਹੈ, ਉਸੇ ਤਰ੍ਹਾਂ ਇਸ ਪ੍ਰਕਿਰਿਆ ਵਿੱਚ ਪ੍ਰਾਪਤ ਹੋਈ ਜ਼ਮੀਨ ਦੀ ਕੀਮਤ ਲਗਭਗ 10 ਤੋਂ 15 ਕਰੋੜ ਤੱਕ ਪਹੁੰਚ ਸਕਦੀ ਹੈ।
ਪੰਜਾਬ ਦੇ 186 ਪਿੰਡਾਂ ਦੀ ਜ਼ਮੀਨ ਹੋਵੇਗੀ ਐਕਵਾਇਰ
ਇਸ ਬੁਲੇਟ ਟ੍ਰੇਨ ਪ੍ਰੋਜੈਕਟ ਲਈ ਪੰਜਾਬ ਦੇ 186 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਮੁਹਾਲੀ ਦੇ 39, ਜਲੰਧਰ ਦੇ 49, ਲੁਧਿਆਣਾ ਦੇ 37, ਅੰਮ੍ਰਿਤਸਰ ਦੇ 22, ਫਤਿਹਗੜ੍ਹ ਸਾਹਿਬ ਦੇ 25, ਕਪੂਰਥਲਾ ਦੇ 12 ਅਤੇ ਤਰਨ ਤਾਰਨ ਅਤੇ ਰੂਪਨਗਰ ਜ਼ਿਲ੍ਹਿਆਂ ਦਾ ਇਕ-ਇਕ ਪਿੰਡ ਸ਼ਾਮਲ ਹੈ। ਇਸ ਤੋਂ ਇਲਾਵਾ ਹਰਿਆਣਾ ‘ਚ ਵੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਕੁੱਲ ਮਿਲਾ ਕੇ ਹਰਿਆਣਾ ਅਤੇ ਪੰਜਾਬ ਦੇ ਲਗਭਗ 321 ਪਿੰਡ ਅਜਿਹੇ ਹਨ ਜਿੱਥੋਂ ਇਹ ਬੁਲੇਟ ਟ੍ਰੇਨ ਲੰਘੇਗੀ।
ਦੋ ਘੰਟੇ ਦਾ ਹੋਵੇਗਾ ਦਿੱਲੀ-ਅੰਮਿ੍ਤਸਰ ਦਾ ਸਫਰ
ਦਿੱਲੀ ਤੋਂ ਅੰਮ੍ਰਿਤਸਰ ਤੱਕ ਸ਼ੁਰੂ ਕੀਤਾ ਜਾ ਰਿਹਾ ਬੁਲੇਟ ਟ੍ਰੇਨ ਪ੍ਰੋਜੈਕਟ 465 ਕਿਲੋਮੀਟਰ ਦਾ ਸਫ਼ਰ ਸਿਰਫ 2 ਘੰਟਿਆਂ ਵਿੱਚ ਪੂਰਾ ਕਰੇਗਾ। ਇਹ ਰੇਲ ਗੱਡੀ ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ 15 ਸਟੇਸ਼ਨਾਂ ‘ਤੇ ਰੁਕੇਗੀ। ਇਸ ਬੁਲੇਟ ਟ੍ਰੇਨ ਦੀ ਵੱਧ ਤੋਂ ਵੱਧ ਰਫਤਾਰ 350 ਕਿਲੋਮੀਟਰ ਪ੍ਰਤੀ ਘੰਟਾ ਅਤੇ ਔਸਤ ਰਫਤਾਰ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਟਰੇਨ ‘ਚ ਇਕ ਵਾਰ ‘ਚ ਕਰੀਬ 750 ਯਾਤਰੀ ਸਫਰ ਕਰ ਸਕਣਗੇ।



