Punjab

AG ਦੀ ਪੂਰੀ ਟੀਮ ਬਦਲੀ, ਮੰਤਰੀ ਧਾਲੀਵਾਲ ਤੋਂ ਵਾਪਸ ਲਿਆ ਪ੍ਰਸ਼ਾਸਨਿਕ ਸੁਧਾਰ ਵਿਭਾਗ; ਦਿੱਲੀ ਚੋਣਾਂ ’ਚ ਹਾਰ ਮਗਰੋਂ ਪੰਜਾਬ ’ਚ ‘AAP’ ਸਰਕਾਰ ਦਾ ਵੱਡਾ ਫੇਰਬਦਲ

ਚੰਡੀਗੜ੍ਹ, 22 ਫਰਵਰੀ- ਇਸ ਨੂੰ ਦਿੱਲੀ ’ਚ ਮਿਲੀ ਹਾਰ ਦਾ ਅਸਰ ਹੀ ਕਿਹਾ ਜਾਵੇਗਾ ਕਿ ਸੂਬੇ ’ਚ ਆਪ ਸਰਕਾਰ ਇਕਦਮ ਸਰਗਰਮ ਮੋਡ ’ਚ ਆ ਗਈ ਹੈ। ਸ਼ੁੱਕਰਵਾਰ ਨੂੰ ਇਕੱਠੇ ਤਿੰਨ ਵੱਖ-ਵੱਖ ਫ਼ੈਸਲਿਆਂ ’ਚ ਸਰਕਾਰ ਨੇ ਜਿੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਉਨ੍ਹਾਂ ਦਾ ਪ੍ਰਸ਼ਾਸਨਿਕ ਸੁਧਾਰ ਵਿਭਾਗ ਵਾਪਸ ਲੈ ਲਿਆ, ਉੱਥੇ ਇਕ ਹੋਰ ਵੱਡਾ ਫ਼ੈਸਲਾ ਲੈਂਦਿਆਂ ਸਰਕਾਰ ਦੇ ਮੁਕੱਦਮੇ ਲੜਨ ਵਾਲੇ ਐਡਵੋਕੇਟ ਜਨਰਲ ਵਿਭਾਗ ਦੇ ਸਾਰੇ ਅਧਿਕਾਰੀਆਂ ਤੋਂ ਅਸਤੀਫ਼ੇ ਮੰਗ ਲਏ ਹਨ। ਨਾਲ ਹੀ, ਨੌਂ ਜ਼ਿਲ੍ਹਾ ਪੁਲਿਸ ਮੁਖੀਆਂ ਸਮੇਤ 21 ਆਈਪੀਐੱਸ ਅਧਿਕਾਰੀਆਂ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚ ਨੌਂ ਐੱਸਐੱਸਪੀ ਹਨ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਏਜੀ ਤੋਂ ਲੈ ਕੇ ਉਨ੍ਹਾਂ ਦੇ ਹੇਠਾਂ ਤੱਕ ਸਾਰੇ ਵਕੀਲਾਂ ਨੂੰ ਅਸਤੀਫ਼ਾ ਦੇਣ ਲਈ ਕਿਹਾ ਗਿਆ ਹੈ ਪਰ ਬਾਅਦ ’ਚ ਸਪੱਸ਼ਟ ਕੀਤਾ ਗਿਆ ਕਿ ਸਿਰਫ਼ ਏਜੀ ਦੀ ਟੀਮ ਤੋਂ ਅਸਤੀਫ਼ਾ ਮੰਗਿਆ ਗਿਆ ਹੈ। ਵਿਭਾਗੀ ਸੂਤਰਾਂ ਨੇ ਕਿਹਾ ਕਿ ਸਾਰਿਆਂ ਤੋਂ ਸੋਮਵਾਰ ਤੱਕ ਅਸਤੀਫ਼ਾ ਮੰਗਿਆ ਗਿਆ ਹੈ। ਕੁੱਲ 236 ਲੋਕਾਂ ਦੀ ਟੀਮ ’ਚੋਂ 62 ਲੋਕਾਂ ਦੇ ਅਸਤੀਫ਼ੇ ਭੇਜ ਦਿੱਤੇ ਜਾਣ ਦੀ ਸੂਚਨਾ ਹੈ। ਏਜੀ ਦੀ ਟੀਮ ’ਚ ਅੱਠ ਲੋਕਾਂ ਨੂੰ ਦਿੱਲੀ ’ਚ ਸੁਪਰੀਮ ਕੋਰਟ ਆਦਿ ’ਚ ਲੜੇ ਜਾਣ ਵਾਲੇ ਕੇਸਾਂ ਲਈ ਵੀ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ’ਚ ਪੰਜ ਐਡਵੋਕੇਟ ਆਨ ਰਿਕਾਰਡ ਤੇ ਤਿੰਨ ਡਿਪਟੀ ਐਡਵੋਕੇਟ ਜਨਰਲ ਹਨ। ਇਸ ਘਟਨਾਕ੍ਰਮ ਸਬੰਧੀ ਐਡਵੋਕੇਟ ਜਨਰਲ ਗੁਰਿੰਦਰ ਸਿੰਘ ਗੈਰੀ ਨੇ ਕਿਹਾ ਕਿ 10 ਫਰਵਰੀ ਨੂੰ ਸਾਰਿਆਂ ਦਾ ਕਾਰਜਕਾਲ ਪੂਰਾ ਹੋ ਗਿਆ ਸੀ। ਇਨ੍ਹਾਂ ਸਾਰਿਆਂ ਦੀ ਓਰੀਐਂਟੇਸ਼ਨ ਤੋਂ ਬਾਅਦ ਇਨ੍ਹਾਂ ਨੂੰ ਮੁੜ ਨਿਯੁਕਤ ਕੀਤਾ ਜਾਵੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਐਡਵੋਕੇਟ ਜਨਰਲ ਦੀ ਨਵੀਂ ਟੀਮ ਦਾ ਗਠਨ ਅਗਲੇ 15 ਦਿਨਾਂ ’ਚ ਕਰ ਦਿੱਤਾ ਜਾਵੇਗਾ ਜਿਸ ਲਈ ਛੇਤੀ ਹੀ ਇਸ਼ਤਿਹਾਰ ਜਾਰੀ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਇਹ ਰਵਾਇਤ ਰਹੀ ਹੈ ਕਿ ਇਨ੍ਹਾਂ ਸਾਰੇ ਅਹੁਦਿਆਂ ’ਤੇ ਨਿਯੁਕਤੀ ਇਕ-ਇਕ ਸਾਲ ਲਈ ਹੁੰਦੀ ਹੈ ਤੇ ਹਰ ਸਾਲ ਉਦੋਂ ਤੱਕ ਵਧਾਈ ਜਾਂਦੀ ਹੈ ਜਦੋਂ ਤੱਕ ਸਰਕਾਰ ਬਦਲ ਨਹੀਂ ਜਾਂਦੀ। ਪੰਜਾਬ ’ਚ ‘ਆਪ’ ਸਰਕਾਰ ਆਪਣੇ ਕਾਰਜਕਾਲ ’ਚ ਏਜੀ ਤੋਂ ਲੈ ਕੇ ਉਨ੍ਹਾਂ ਦੇ ਵਿਭਾਗ ’ਚ ਲੱਗਣ ਵਾਲੇ ਵਕੀਲਾਂ ਦੀ ਟੀਮ ਹੁਣ ਨਵੇਂ ਸਿਰੇ ਤੋਂ ਤਿਆਰ ਕਰ ਰਹੀ ਹੈ, ਇਸ ਤੋਂ ਇਹ ਸਪੱਸ਼ਟ ਹੈ ਕਿ ਦਿੱਲੀ ਦੇ ਚੋਣ ਨਤੀਜੇ ਅਸਰ ਦਿਖਾ ਰਹੇ ਹਨ। ਇਕ ਹੋਰ ਧਿਆਨ ਖਿੱਚਣ ਵਾਲੀ ਗੱਲ ਇਹ ਹੈ ਕਿ ਕੈਬਨਿਟ ਮੰਤਰੀ ਧਾਲੀਵਾਲ ਤੋਂ ਹੌਲੀ-ਹੌਲੀ ਸਾਰੇ ਮਹੱਤਵਪੂਰਨ ਵਿਭਾਗ ਵਾਪਸ ਲੈ ਲਏ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਕੋਲ ਖੇਤੀ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੀ ਰਹੇ ਹਨ ਪਰ ਹੁਣ ਉਨ੍ਹਾਂ ਕੋਲ ਸਿਰਫ਼ ਐੱਨਆਰਆਈ ਮਾਮਲਿਆਂ ਦਾ ਵਿਭਾਗ ਬਚਿਆ ਹੈ।

Related Articles

Leave a Reply

Your email address will not be published. Required fields are marked *

Back to top button