Punjab

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ 24 ਲੱਖ 80 ਹਜ਼ਾਰ ਰੁਪਏ ਦੀ ਠੱਗੀ, ਪਿਓ-ਧੀ ’ਤੇ ਧੋਖਾਧੜੀ ਦਾ ਮੁਕੱਦਮਾ ਦਰਜ

ਸ਼੍ਰੀ ਮੁਕਤਸਰ ਸਾਹਿਬ, 18 ਫਰਵਰੀ- ਪੰਜਾਬ ਪੁਲਿਸ ਦੇ ਇਕ ਰਿਟਾਇਰ ਮੁਲਾਜ਼ਮ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇਕ ਪਿਓ ਤੇ ਧੀ ਨੇ ਉਸ ਨਾਲ 24 ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਪੁਲਿਸ ਵੱਲੋਂ ਪਿਓ-ਧੀ ਖਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤੀ ਸ਼ਿਕਾਇਤ ’ਚ ਨੱਛਤਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਵਿਭਾਗ ’ਚ ਡਿਊਟੀ ਕਰਦਾ ਸੀ ਤੇ 2022-23 ’ਚ ਮੇਰੀ ਡਿਊਟੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਨਾਕਾ ਨੰਬਰ 1 ਅਤੇ 2 ’ਤੇ ਲੱਗੀ ਸੀ ਅਤੇ ਉਥੇ ਰੋਜ਼ਾਨਾ ਹੀ ਸੁਖਦੇਵ ਸਿੰਘ ਅਤੇ ਉਸਦੀ ਬੇਟੀ ਕੁਲਦੀਪ ਕੌਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਆਉਂਦੇ ਸਨ। ਇਸ ਦੌਰਾਨ ਉਸਦੀ ਸੁਖਦੇਵ ਸਿੰਘ ਤੇ ਕੁਲਦੀਪ ਕੌਰ ਨਾਲ ਕਾਫ਼ੀ ਜਾਣ ਪਹਿਚਾਣ ਬਣ ਗਈ ਤੇ ਉਹ ਇਕ ਪਰਿਵਾਰ ਵਾਂਗ ਹੀ ਆਪਸ ’ਚ ਵਰਤਦੇ ਸੀ। ਉਸਨੇ ਦੱਸਿਆ ਕਿ ਮੈਂ ਪੁਲਿਸ ਵਿਭਾਗ ’ਚੋਂ 31-12-2023 ਨੂੰ ਰਿਟਾਇਰ ਹੋ ਹੋਣਾ ਸੀ ਅਤੇ ਰਿਟਾਇਰਮੈਂਟ ਤੋਂ ਬਾਅਦ ਮੇਰੀ ਵਿਦੇਸ਼ ਜਾਣ ਦੀ ਇੱਛਾ ਸੀ। ਇਸ ਬਾਰੇ ਜਦੋਂ ਉਨ੍ਹਾਂ ਦੋਵਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਕਿਹਾ ਕਿ ਇੰਗਲੈਂਡ ’ਚ ਰਿਸ਼ਤੇਦਾਰੀ ’ਚ ਸੁਖਦੇਵ ਦੀ ਸਾਲੀ ਤੇ ਕੁਲਦੀਪ ਦੀ ਮਾਸੀ ਰਹਿੰਦੀ ਹੈ ਜੋ ਵਰਕ ਵੀਜੇ, ਪੀਆਰ ਤੇ ਸਟੱਡੀ ਵੀਜੇ ਦਾ ਕੰਮ ਕਰਦੀ ਹੈ, ਜੇ ਉਹ ਇੰਗਲੈਂਡ ਜਾਣਾ ਚਾਹੁੰਦਾ ਹੈ ਤਾਂ ਉੱਥੇ ਆਪਣੇ ਰਿਸ਼ਤੇਦਾਰ ਨਾਲ ਉਸਦੀ ਸੈਟਿੰਗ ਕਰਵਾ ਕੇ ਉਹ ਉਸਨੂੰ ਇੰਗਲੈਂਡ ਬੁਲਾ ਕੇ ਉਸਦੇ ਰਹਿਣ ਤੇ ਕੰਮ ਕਰਨ ਦੇ ਪ੍ਰਬੰਧ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ। ਉਸਨੇ ਦੱਸਿਆ ਕਿ ਇਸ ਕਾਰਨ ਮੇਰਾ ਮਨ ਇੰਗਲੈਂਡ ਜਾਣ ਦਾ ਬਣ ਗਿਆ ਤਾਂ ਮੈਂ ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਇੰਗਲੈਂਡ ਜਾਣ ਦਾ ਖਰਚਾ ਪੁੱਛਿਆ ਤਾਂ ਉਨ੍ਹਾਂ ਨੇ ਮੈਨੂੰ 20-25 ਲੱਖ ਰੁਪਏ ਖਰਚਾ ਦੱਸਿਆ। ਤੇ ਅੱਗੇ ਕਿਹਾ ਕਿ ਤੈਨੂੰ ਪੀਆਰ ’ਤੇ ਇੰਗਲੈਂਡ ਜਾਣ ਵਾਸਤੇ ਪਹਿਲਾਂ 8 ਅੱਠ ਲੱਖ ਰੁਪਏ ਦੇਣੇ ਪੈਣਗੇ ਤੇ ਬਾਕੀ ਖਰਚਾ ਜਿਵੇਂ ਹੋਵੇਗਾ ਤੇਰੇ ਤੋਂ ਉਸੇ ਤਰ੍ਹਾਂ ਲਏ ਜਾਣਗੇ। ਇਸ ਤੇ ਉਸਨੇ ਆਪਣੇ ਕਾਗਜ਼ਤ ਤੇ 8 ਲੱਖ ਰੁਪਏ ਦੇ ਦਿੱਤੇ ਜਿਸ ਤੋਂ ਮੁਲਜ਼ਮ ਨੇ ਵਿਸ਼ਵਾਸ ਦੁਆਇਆ ਕਿ ਦਸੰਬਰ 2023 ਦੇ ਅਖੀਰ ਤੱਕ ਵੀਜਾ ਆ ਜਾਵੇਗਾ। ਤਿੰਨ ਮਹੀਨਿਆਂ ਬਾਅਦ ਵੀ ਵੀਜਾ ਨਾ ਆਉਣ ’ਤੇ ਜਦ ਉਸਨੇ ਪੁੱਛਿਆ ਤਾਂ ਕਥਿਤ ਮੁਲਜ਼ਮਾਂ ਨੇ ਕਿਹਾ ਕਿ ਤੇਰਾ ਇੰਗਲੈਂਡ ਦਾ ਵੀਜਾ ਸੰਭਵ ਨਹੀਂ ਹੈ ਅਤੇ ਅਸੀਂ ਤੇਰਾ ਅਮਰੀਕਾ ਦਾ ਵੀਜਾ ਤਿੰਨ-ਚਾਰ ਮਹੀਨਿਆਂ ’ਚ ਲਵਾ ਦੇਵਾਂਗੇ। ਜਿਸਦਾ 25 ਲੱਖ ਰੁਪਏ ਖਰਚਾ ਹੋਵੇਗਾ। ਉਸਨੇ ਫਿਰ ਉਨ੍ਹਾਂ ’ਤੇ ਵਿਸ਼ਵਾਸ ਕਰ ਕੇ ਸਹਿਮਤੀ ਦੇ ਦਿੱਤੀ, ਜਿਸਤੋਂ ਬਾਅਦ ਉਨ੍ਹਾਂ ਵੱਲੋਂ ਅਮਰੀਕਾ ਐਬੰਸੀ ਦੇ ਕਾਗਜ਼ ਦਿਖਾਏ ਜੋ ਮੇਰੇ ਨਾਂ ’ਤੇ ਸਨ ਤੇ ਮੇਰੇ ਕੋਲੋਂ 16 ਲੱਖ 80 ਹਜ਼ਾਰ ਰੁਪਏ ਵੱਖ ਵੱਖ ਐਂਟਰੀਆਂ ਰਾਹੀਂ ਲੈ ਲਏ। ਉਸਨੇ ਦੱਸਿਆ ਕਿ ਬਾਅਦ ’ਚ ਮੈਨੂੰ ਵਿਦੇਸ਼ ਭੇਜਣ ਦੀ ਬਜਾਏ ਟਾਲਮਟੋਲ ਕਰਨ ਲੱਗੇ। ਬਾਰ ਬਾਰ ਪੁੱਛਣ ’ਤੇ ਕਹਿਣ ਲੱਗੇ ਕਿ ਅਸੀਂ ਤੈਨੂੰ ਵਿਦੇਸ਼ ਨਹੀਂ ਭੇਜ ਸਕਦੇ ਅਤੇ ਤੇਰੇ ਪੈਸੇ ਵਾਪਸ ਕਰ ਦਿੰਦੇ ਹਾਂ ਜਿਸਤੇ ਰਾਜੀਨਾਮਾ ਹੋਇਆ ਅਤੇ ਕਥਿਤ ਮੁਲਜ਼ਮਾਂ ਵੱਲੋਂ ਇਕ ਚੈੱਕ 20 ਲੱਖ ਰੁਪਏ ਦਾ ਦਿੱਤਾ ਜੋ ਬਾਉਂਸ ਹੋ ਗਿਆ। ਇਸਤੋਂ ਬਾਅਦ ਵਾਰ ਵਾਰ ਪੈਸੇ ਮੰਗਣ ’ਤੇ ਨਹੀਂ ਦਿੱਤੇ ਅਤੇ ਕਹਿਣ ਲੱਗੇ ਕਿ ਅਸੀਂ ਤੇਰੇ ਨਾਲ ਠੱਗੀ ਮਾਰਨੀ ਸੀ, ਮਾਰ ਲਈ ਹੈ। ਉਸਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਰੇ ਪੈਸੇ ਵਾਪਸ ਕਰਵਾਏ ਜਾਣ। ਇਸਤੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਥਾਣਾ ਸਿਟੀ ਮੁਕਤਸਰ ਵਿਖੇ ਸੁਖਦੇਵ ਸਿੰਘ ਪੁੱਤਰ ਚੰਦ ਸਿੰਘ ਅਤੇ ਕੁਲਦੀਪ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀਆਨ ਪੰਡਿਤ ਜੈ ਦਿਆਲ ਸਟ੍ਰੀਟ ਸ੍ਰੀ ਮੁਕਤਸਰ ਸਾਹਿਬ ਦੇ ਖਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ਼ ਕਰ ਲਿਆ ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।

Related Articles

Leave a Reply

Your email address will not be published. Required fields are marked *

Back to top button