
ਅੰਮ੍ਰਿਤਸਰ, 17 ਫਰਵਰੀ- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬਾਬਾ ਦੀਪ ਸਿੰਘ ਜੀ ਦੇ ਪਿੰਡ ਪੰਡੋਰੀ ਰਣ ਸਿੰਘ ਇਕਾਈ ਦੇ ਆਗੂ ਗੁਰਮੀਤ ਸਿੰਘ ਦੇ ਪੁੱਤਰ ਸਤਪਾਲ ਸਿੰਘ (22) ਜਿਸਦਾ 12 ਜਨਵਰੀ ਨੂੰ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਉਸਦੀ ਦੇਹ ਕਰੀਬ ਇਕ ਮਹੀਨੇ ਬਾਅਦ ਐਤਵਾਰ ਨੂੰ ਪਿੰਡ ਪੁੱਜੀ। ਜਿੱਥੇ ਗਗਮੀਨ ਮਾਹੌਲ ਵਿਚ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਕਿਸਾਨ-ਮਜ਼ਦੂਰ ਜਥੇਬੰਦੀ ਦਾ ਝੰਡਾ ਨੌਜਵਾਨ ਦੀ ਦੇਹ ਉੱਪਰ ਪਾ ਕੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਆਗੂ ਹਰਪਾਲ ਸਿੰਘ ਪੰਡੋਰੀ ਸਿੱਧਵਾਂ, ਜ਼ੋਨ ਮੀਤ ਪ੍ਰਧਾਨ ਅੰਗਰੇਜ ਸਿੰਘ ਦੋਬੁਰਜੀ, ਪ੍ਰਧਾਨ ਪਰਗਟ ਸਿੰਘ ਪੰਡੋਰੀ ਰਣਸਿੰਘ ਨੇ ਦੱਸਿਆ ਕਿ ਨੌਜਵਾਨ ਸਤਪਾਲ ਸਿੰਘ ਪੰਡੋਰੀ ਰਣ ਸਿੰਘ ਆਪਣੇ ਪਿਤਾ ਗੁਰਮੀਤ ਸਿੰਘ ਅਤੇ ਤਾਇਆ ਲਖਵਿੰਦਰ ਸਿੰਘ ਦੀ ਤਰ੍ਹਾਂ ਹੀ ਕਿਸਾਨ, ਮਜ਼ਦੂਰ ਜਥੇਬੰਦੀ ਦਾ ਸਰਗਰਮ ਆਗੂ ਸੀ। ਕੁਝ ਸਮਾਂ ਪਹਿਲਾਂ ਉਹ ਵਿਦੇਸ਼ ਚਲਾ ਗਿਆ ਅਤੇ 12 ਜਨਵਰੀ ਨੂੰ ਉੱਥੇ ਉਸਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਨੌਜਵਾਨ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਅਕਹਿ ਤੇ ਅਸਹਿ ਸਦਮਾ ਲੱਗਾ ਹੈ ਅਤੇ ਪਰਿਵਾਰ ਦੇ ਨਾਲ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੂੰ ਵੀ ਨੌਜਵਾਨ ਦੀ ਵੱਡੀ ਘਾਟ ਪਈ ਹੈ। ਇਸ ਮੌਕੇ ਸਤਪਾਲ ਸਿੰਘ ਦੇ ਤਾਇਆ ਲਖਵਿੰਦਰ ਸਿੰਘ ਅਤੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਸਤਪਾਲ ਸਿੰਘ ਦੇ ਦੇਹਾਂਤ ਤੋਂ ਬਾਅਦ ਐਤਵਾਰ ਨੂੰ ਉਸਦੀ ਦੇਹ ਇਥੇ ਪੁੱਜੀ ਹੈ। ਉਨ੍ਹਾਂ ਦੱਸਿਆ ਕਿ ਦੇਹ ਨੂੰ ਭਾਰਤ ਲਿਆਉਣ ਲਈ ਪੰਡੋਰੀ ਤਖਤ ਮੱਲ ਦੇ ਰਹਿਣ ਵਾਲੇ ਡਾਕਟਰ ਹਰਜੀਤ ਸਿੰਘ ਦਾ ਪੁੱਤਰ ਜੋ ਕੈਨੇਡਾ ਵਿਚ ਰਹਿੰਦਾ ਹੈ ਨੇ ਆਪਣੇ ਸਾਥੀਆਂ ਸਮੇਤ ਬਹੁਤ ਵੱਡੀ ਭੂਮਿਕਾ ਨਿਭਾਈ। ਜਿਸਦੇ ਲਈ ਸਮੁੱਚਾ ਪਰਿਵਾਰ ਡਾ. ਹਰਜੀਤ ਸਿੰਘ ਦਾ ਧੰਨਵਾਦ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸਤਪਾਲ ਸਿੰਘ ਦੇ ਸੱਜਣਾ ਮਿੱਤਰਾਂ ਤੇ ਅੰਬੈਸੀ ਵੱਲੋਂ ਵੀ ਉਸਦੀ ਦੇਹ ਭਾਰਤ ਲਿਆਉਣ ਲਈ ਸਹਿਯੋਗ ਦਿੱਤਾ ਗਿਆ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵੱਲੋਂ ਨੌਜਵਾਨ ਆਗੂ ਸਤਪਾਲ ਸਿੰਘ ਪੰਡੋਰੀ ਰਣ ਸਿੰਘ ਨੂੰ ਜਥੇਬੰਦੀ ਦਾ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਓਂਕਾਰ ਸਿੰਘ ਪੰਡੋਰੀ ਰਣ ਸਿੰਘ, ਆਲਮਬੀਰ ਸਿੰਘ ਪੰਡੋਰੀ ਰਣ ਸਿੰਘ, ਕੁਲਵਿੰਦਰ ਸਿੰਘ ਪੰਡੋਰੀ ਰਣ ਸਿੰਘ, ਧਰਮਪਾਲ ਸਿੰਘ ਪੰਡੋਰੀ ਰਣ ਸਿੰਘ, ਜਗਦੀਸ਼ ਸਿੰਘ ਪੰਡੋਰੀ ਰਣ ਸਿੰਘ, ਰਾਜੂ ਸਿੰਘ ਪੰਡੋਰੀ ਰਣ ਸਿੰਘ, ਬਾਜ ਸਿੰਘ ਪੰਡੋਰੀ ਰਣ ਸਿੰਘ, ਸੁੱਖਾ ਸਿੰਘ ਪੰਡੋਰੀ ਰਣ ਸਿੰਘ, ਜਸਬੀਰ ਸਿੰਘ ਪੰਡੋਰੀ ਰਣ ਸਿੰਘ, ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਹਰਪਾਲ ਸਿੰਘ ਪੰਡੋਰੀ ਰਣ ਸਿੰਘ, ਪਰਮਜੀਤ ਸਿੰਘ ਪੰਡੋਰੀ ਰਣ ਸਿੰਘ, ਸੁੱਖਾ ਸਿੰਘ ਪੰਡੋਰੀ ਰਣ ਸਿੰਘ ਸਮੇਤ ਹੋਰ ਇਲਾਕਾ ਵਾਸੀ ਵੀ ਮੌਜੂਦ ਸਨ।



