
ਤਰਨ ਤਾਰਨ, 12 ਫਰਵਰੀ-ਪਿੰਡ ਸਭਰਾ ’ਚ ਰੇਤਾ ਦੀ ਖੱਡ ਲੱਗਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਪੁਲਿਸ ਕਰਮਚਾਰੀ ਮੰਗਲਵਾਰ ਨੂੰ ਆਹਮੋ-ਸਾਹਮਣੇ ਹੋ ਗਏ। ਜਿਸ ਕਾਰਨ ਪੁਲਿਸ ਨੇ ਜਿਥੇ ਧੂਹ-ਧੂਹ ਕਿਸਾਨ ਉੱਥੋਂ ਹਟਾਏ ਤੇ ਹਿਰਾਸਤ ’ਚ ਲੈ ਲਏ। ਉਥੇ ਹੀ 15 ਕਿਸਾਨਾਂ ਉੱਪਰ ਕਾਰਵਾਈ ਕਰਨ ਉਪਰੰਤ ਐੱਸਡੀਐੱਮ ਦੀ ਅਦਾਲਤ ’ਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਦੂਜੇ ਪਾਸੇ ਕਿਸਾਨ ਆਗੂਆਂ ਨੇ ਇਸ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਭਰਾ ਨਜ਼ਦੀਕ ਰੇਤ ਦੀ ਖੱਡ ਚਲਾਉਣ ਦੀ ਮਨਜ਼ੂਰੀ ਦਿੱਤੀ ਸੀ, ਜਿਸ ਦਾ ਇਸ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਜਿਸ ਕਾਰਨ ਪਿਛਲੇ ਦੋ ਸਾਲ ਤੋਂ ਰੇਤ ਦੀ ਖੱਡ ਚੱਲ ਨਹੀਂ ਸਕੀ ਸੀ। ਅੱਜ ਤਰਨਤਾਰਨ ਤੇ ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਵੱਡੀ ਗਿਣਤੀ ’ਚ ਪਿੰਡ ਸਭਰਾ ਪੁੱਜੀ। ਜਦੋਂ ਇਸ ਦੀ ਭਿਣਕ ਪਿੰਡ ਦੇ ਕਿਸਾਨਾਂ ਨੂੰ ਲੱਗੀ ਤਾਂ ਉਨ੍ਹਾਂ ਇਸ ਦੇ ਵਿਰੋਧ ’ਚ ਧਰਨਾ ਲਗਾ ਦਿੱਤਾ। ਉਸੇ ਸਮੇਂ ਕਿਸਾਨ ਘੱਟ ਗਿਣਤੀ ’ਚ ਸਨ। ਵੱਡੀ ਗਿਣਤੀ ’ਚ ਆਏ ਪੁਲਿਸ ਕਰਮਚਾਰੀ ਜਿਨ੍ਹਾਂ ’ਚ ਮਹਿਲਾ ਕਰਮਚਾਰੀ ਵੀ ਮੌਜੂਦ ਸਨ, ਵੱਲੋਂ ਜਬਰਨ ਕਿਸਾਨਾਂ ਨੂੰ ਧਰਨੇ ਤੋਂ ਉਠਾ ਕੇ ਬੱਸਾਂ ’ਚ ਬਿਠਾ ਲਿਆ ਗਿਆ। ਇਸ ਦੌਰਾਨ ਕੁਝ ਕਿਸਾਨਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ, ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਤੇ ਉਗਰਾਹਾਂ ਜਥੇਬੰਦੀ ਵੱਲੋਂ ਨਿਰੰਤਰ ਇਸ ਰੇਤ ਦੀ ਖੱਡ ਦਾ ਵਿਰੋਧ ਕੀਤਾ ਜਾ ਰਿਹਾ ਹੈ। ਰੇਤ ਦੀ ਖੱਡ ਦਾ ਵਿਰੋਧ ਕਰ ਰਹੇ ਕਿਸਾਨ ਸੰਘਰਸ਼ ਕਮੇਟੀ ਦੇ ਬਲਾਕ ਪ੍ਰਧਾਨ ਸੋਹਣ ਸਿੰਘ ਨੇ ਕਿਹਾ ਕਿ ਇਹ ਸਰਕਾਰ ਪ੍ਰਾਈਵੇਟ ਸੈਕਟਰ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੀ ਹੈ। ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਪਿਛਲੇ ਸਾਲ ਵੀ ਟੁੱਟ ਗਿਆ ਸੀ, ਜਿਸ ਕਾਰਨ ਕਿਸਾਨਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਕੁੱਕੜੀਆਂ, ਬੱਕਰੀਆਂ ਦੇ ਨੁਕਸਾਨ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਦਾ ਮੁਆਵਜ਼ਾ ਤਾਂ ਕੀ ਦੇਣਾ ਸੀ, ਕਿਸਾਨਾਂ ਨੂੰ ਬਰਬਾਦ ਹੋਈ ਫ਼ਸਲ ਦਾ ਇਕ ਰੁਪਈਆ ਨਹੀਂ ਦਿੱਤਾ। ਜਿਸ ਜਗ੍ਹਾ ’ਤੇ ਇਹ ਖੱਡ ਲਗਾ ਰਹੇ ਹਨ, ਉਹ ਉਸ ਧੁੱਸੀ ਬੰਨ੍ਹ ਦੇ ਕਾਫ਼ੀ ਕਰੀਬ ਹੈ। ਧੁੱਸੀ ਬੰਨ ਪਹਿਲਾਂ ਤੋਂ ਕਮਜ਼ੋਰ ਹੈ ਤੇ ਜੇ ਇਹ ਖੱਡ ਲੱਗੀ ਤਾਂ ਧੁੱਸੀ ਬੰਨ ਮੁੜ ਟੁੱਟਣ ਦਾ ਖ਼ਤਰਾ ਹੈ। ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ’ਚ ਪੁਲਿਸ ਬਲ ਦਾ ਪ੍ਰਯੋਗ ਕਰ ਕੇ ਕਿਸਾਨਾਂ ਦੀ ਆਵਾਜ਼ ਦਬਾਉਣ ਦਾ ਕੰਮ ਕੀਤਾ ਗਿਆ ਹੈ। ਪਰ ਉਹ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਖਾਤਰ ਜ਼ਾਲਮ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਵੱਧ-ਚੜ੍ਹ ਕੇ ਵਿਰੋਧ ਕਰਨਗੇ। ਦੂਜੇ ਪਾਸੇ ਪ੍ਰਸ਼ਾਸਨ ਨੇ ਹਿਰਾਸਤ ’ਚ ਲਏ 15 ਕਿਸਾਨਾਂ ਨੂੰ ਧਾਰਾ 7-51 ਦੀ ਕਾਰਵਾਈ ਕਰ ਕੇ ਪੱਟੀ ਐੱਸਡੀਐੱਮ ਦੀ ਅਦਾਲਤ ’ਚ ਪੇਸ਼ ਕੀਤਾ। ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਬਾਕਸ)—– ਖੱਡ ਨਾਲ ਧੁੱਸੀ ਬੰਨ੍ਹ ਨੂੰ ਕੋਈ ਖ਼ਤਰਾ ਨਹੀਂ। ਇਸ ਮੌਕੇ ਤਹਿਸੀਲਦਾਰ ਲਛਮਣ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਰਕਾਰੀ ਖੱਡ ਦੋ ਸਾਲ ਪਹਿਲਾਂ ਪਾਸ ਹੋ ਚੁੱਕੀ ਹੈ। ਪਰ ਕੁਝ ਲੋਕ ਕਿਸਾਨਾਂ ਨੂੰ ਇਸ ਵਿਰੁੱਧ ਭੜਕਾ ਰਹੇ ਹਨ। ਇਹ ਖੱਡ ਲੱਗਣ ਨਾਲ ਧੁੱਸੀ ਬੰਨ ਨੂੰ ਕੋਈ ਖ਼ਤਰਾ ਨਹੀਂ ਹੈ। ਉਹ ਅੱਜ ਵੀ ਆਗੂਆਂ ਨੂੰ ਸਮਝਾਉਣ ਲਈ ਆਏ ਸੀ। ਪਰ ਮੌਕੇ ’ਤੇ ਕੁਝ ਲੋਕਾਂ ਵੱਲੋਂ ਹੋ-ਹੱਲਾ ਕੀਤਾ ਗਿਆ। ਜਿਸ ਕਾਰਨ ਮਜਬੂਰੀ ਵੱਸ ਕੁਝ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਬਾਕਸ- ਕਾਨੂੰਨ ਆਪਣੇ ਹੱਥਾਂ ’ਚ ਲੈਣ ਦੀ ਕਿਸੇ ਨੂੰ ਇਜਾਜ਼ਤ ਨਹੀਂ : ਐੱਸਪੀ (ਡੀ) ਪੰਜਾਬ ਪੁਲਿਸ ਦੀ ਅਗਵਾਈ ਕਰ ਰਹੇ ਐੱਸਪੀ (ਡੀ) ਅਜੈਰਾਜ ਸਿੰਘ ਨੇ ਕਿਹਾ ਕਿ ਅੱਜ ਪ੍ਰਸ਼ਾਸਨ ਵੱਲੋਂ ਪੁਲਿਸ ਸਹਿਯੋਗ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਪਿੰਡ ਦੇ ਮੋਹਤਬਰਾਂ ਨਾਲ ਇਸ ਸਬੰਧੀ ਮੀਟਿੰਗ ਵੀ ਕੀਤੀ। ਪਰ ਉਹ ਇੱਕੋ ਗੱਲ ’ਤੇ ਅੜੇ ਰਹੇ ਕਿ ਇਹ ਖੱਡ ਨਹੀਂ ਲੱਗਣ ਦੇਣੀ। ਤਕਰਾਰ ਲਈ ਬਜਿੱਦ ਕੁਝ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਸਰਕਾਰੀ ਕੰਮ ’ਚ ਵਿਘਨ ਪਾਉਣ ਤੇ ਕਾਨੂੰਨ ਨੂੰ ਆਪਣੇ ਹੱਥ ’ਚ ਲੈਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ।



