ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਤੋਂ ਬਾਅਦ ਸਿੱਖ ਪੰਥ ਨੂੰ ਜਥੇਦਾਰ ’ਤੇ ਆਸ, ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ’ਚ ਅਹੁਦਾ ਛੱਡਣ ਦੀ ਆਖੀ ਸੀ ਗੱਲ

ਅੰਮ੍ਰਿਤਸਰ, 12 ਫਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪੱਕੀ ਛੁੱਟੀ ਕਰਨ ਤੋਂ ਬਾਅਦ ਇਸ ਫੈਂਸਲੇ ’ਤੇ ਰੋਕ ਲਗਾਉਂਣ ਲਈ ਸਿੱਖ ਪੰਥ ਦੀ ਆਸ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ’ਤੇ ਕੇਂਦਰਿਤ ਹੋ ਗਈ ਹੈ। ਬਹੁਤ ਸਾਰੀਆਂ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਨੂੰ ਗਲਤ ਦੱਸਦਿਆਂ ਜਥੇਦਾਰ ਨੂੰ ਇਸ ਉਪਰ ਰੋਕ ਲਗਾਉਂਣ ਲਈ ਆਪਣੇ ਬਿਆਨ ਜਾਰੀ ਕੀਤੇ ਹਨ। ਜਥੇਬੰਦੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਸਵਾਲ ਇਹ ਪੈਦਾ ਹੋ ਗਿਆ ਹੈ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਆਪਣੀ ਕਹੀ ਗੱਲ ਪਗਾਉਂਣ ਲਈ ਪਹਿਰਾ ਦੇਣਗੇ? ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ 16 ਅਕਤੂਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਸਤੀਫਾ ਦੇਣ ਮੌਕੇ ਉਹਨਾਂ ਦੇ ਹੱਕ ’ਚ ਅਹੁਦਾ ਛੱਡਣ ਦੀ ਗੱਲ ਕਹੀ ਸੀ, ਜਿਸ ਵਿਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੱਲੋਂ ਵੀ ਅਹੁਦਾ ਛੱਡਣ ਦੇ ਸੰਕੇਤ ਦਿੰਦਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਨਾ ਪ੍ਰਵਾਨ ਕਰਨ ਦਾ ਆਦੇਸ਼ ਦਿੱਤਾ ਸੀ। ਅਸਤੀਫਾ ਪ੍ਰਵਾਨ ਕਰਨ ਦੇ ਫਲਸਰੂਪ ਆਪਣਾ ਅਹੁਦਾ ਤਿਆਗਣ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਪ੍ਰਧਾਨ ਨੇ ਅਸਤੀਫਾ ਅਪ੍ਰਵਾਨ ਕੀਤਾ ਸੀ। ਗਿਆਨੀ ਹਰਪ੍ਰੀਤ ਸਿੰਘ ’ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ 19 ਦਸੰਬਰ 2024 ਨੂੰ ਜਾਂਚ ਲਈ ਤਿੰਨ ਮੈਂਬਰੀ ਸਬ ਕਮੇਟੀ ਗਠਿਤ ਕੀਤੀ ਸੀ ਜਿਸ ਸਬੰਧੀ ਜਥੇਦਾਰ ਰਘਬੀਰ ਸਿੰਘ ਨੇ 6 ਜਨਵਰੀ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਦੋਸ਼ਾ ਕਰਾਰ ਦਿੰਦੇ ਜਾਂਚ ਸਬ ਕਮੇਟੀ ਨੂੰ ਰੱਦ ਕੀਤਾ ਸੀ। ਜਥੇਦਾਰ ਨੇ ਮੀਡੀਆ ਨੂੰ ਬਿਆਨ ਦਿੱਤਾ ਸੀ ਕਿ ਜਥੇਦਾਰ/ ਸਿੰਘ ਸਾਹਿਬਾਨ ਦੀ ਪੜਤਾਲ ਕਰਨ ਦਾ ਅਧਿਕਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ, ਇਹ ਅਧਿਕਾਰ ਸ਼੍ਰੋਮਣੀ ਕਮੇਟੀ ਜਾਂ ਕਿਸੇ ਹੋਰ ਕਮੇਟੀ ਨੂੰ ਨਹੀਂ ਹੈ। ਦੱਸਣਯੋਗ ਹੈ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ 28 ਜਨਵਰੀ ਨੂੰ 15 ਦਿਨ ਲਈ ਵਿਦੇਸ਼ ਦੌਰੇ ’ਤੇ ਚੱਲੇ ਗਏ ਸਨ, ਜਿਨ੍ਹਾਂ ਦੀ ਵਾਪਸੀ 11 ਫਰਵਰੀ ਨੂੰ ਸੀ ਪਰ ਸੂਤਰਾਂ ਮੁਤਾਬਕ ਉਨ੍ਹਾਂ ਨੇ ਆਪਣੀ ਵਿਦੇਸ਼ ਯਾਤਰਾ ਇਕ ਹਫਤੇ ਲਈ ਹੋਰ ਵਧਾ ਦਿੱਤੀ ਹੈ ਪਰ ਸਿੱਖ ਪੰਥ ਦੀਆਂ ਨਜ਼ਰਾਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ’ਤੇ ਹਨ ਕਿ ਜਥੇਦਾਰ ਆਪਣੇ ਤੌਰ ’ਤੇ ਇਸ ਮਾਮਲੇ ਵਿਚ ਦਖਲ ਦੇਣਗੇ ਜਾਂ ਫਿਰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦ ਕੇ ਮਾਮਲੇ ਨੂੰ ਵਿਚਾਰਨਗੇ।
ਪ੍ਰਬੰਧਕ ਕਮੇਟੀ ਹੀ ਕਰਦੀਆਂ ਹਨ ਜਾਂਚ : ਗਿਆਨੀ ਗੌਹਰ
ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੇ ਕਿਹਾ ਕਿ ਜਥੇਦਾਰ ਤੇ ਸਿੰਘ ਸਾਹਿਬਾਨ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹੁੰਦੇ ਹਨ। ਗਿਆਨੀ ਗੌਹਰ ਨੇ ਕਿਹਾ ਕਿ ਇਸ ਲਈ ਜਥੇਦਾਰ ਤੇ ਸਿੰਘ ਸਾਹਿਬਾਨ ਸਬੰਧੀ ਮਾਮਲੇ ਦੀ ਜਾਂਚ ਅਤੇ ਕਾਰਵਾਈ ਕਰਨ ਦੇ ਅਧਿਕਾਰ ਵੀ ਪ੍ਰਬੰਧਕ ਕਮੇਟੀਆਂ ਪਾਸ ਹੀ ਹੁੰਦੇ ਹਨ। ਉਨ੍ਹਾਂ ਹਵਾਲੇ ਦਿੰਦਿਆ ਕਿਹਾ ਕਿ ਉਨ੍ਹਾਂ ਦੇ ਮਾਮਲੇ ਦੀ ਜਾਂਚ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਨੂੰ ਪ੍ਰਧਾਨ ਵੱਲੋਂ ਕਰਵਾਈ ਜਾਂਚ ਲੈਣ ਲਈ 22 ਅਕਤੂਬਰ 2022 ਨੂੰ ਪੱਤ੍ਰਕਾ ਨੰ ਅ 3/22/286 ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਗਸਤ 2020 ਵਿਚ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਜਿਹੜੇ ਮੁਲਾਜ਼ਮ ਦੇ ਦੋਸ਼ ਸਾਹਮਣੇ ਆਏ ਸਨ, ਉਹਨਾਂ ਉਪਰ ਕਾਰਵਾਈ ਕਰਨ ਲਈ 20 ਅਗਸਤ 2020 ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ ਨੂੰ ਸਰਵਿਸ ਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਆਦੇਸ਼ ਦਿੱਤਾ ਸੀ। 2 ਦਸੰਬਰ 2024 ਨੂੰ ਗਿਆਨੀ ਗੁਰਮੁੱਖ ਸਿੰਘ ਦੀ ਅੰਮ੍ਰਿਤਸਰ ਤੋਂ ਬਾਹਰ ਬਦਲੀ ਕਰਨ ਲਈ ਵੀ ਸ਼੍ਰੋਮਣੀ ਕਮੇਟੀ ਨੂੰ ਪੰਜ ਸਿੰਘ ਸਾਹਿਬਾਨ ਨੇ ਆਦੇਸ਼ ਦਿੱਤਾ ਸੀ। 6 ਦਸੰਬਰ 2022 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜਾ ਸਿੰਗ ਸਾਹਿਬਾਨ ਨੇ ਪਟਨਾ ਸਾਹਿਬ ਵਿਖੇ ਗ੍ਰੰਥੀ ਸਿੰਘ ਗਿਆਨੀ ਬਲਦੇਵ ਸਿੰਘ ‘ਤੇ ਪੰਜ ਬਾਣੀਆਂ ਕੰਠ ਨਾ ਹੋਣ ਦੇ ਇਜਲਾਮ ਸਬੰਧੀ ਪੰਜਾ ਪਿਆਰਿਆ ਨੂੰ ਬਾਣੀਆਂ ਨਾ ਸੁਨਾਉਂਣ ਦੇ ਫਲਸਰੂਪ ਕਿਸੇ ਹੋਰ ਅਸਥਾਨ ‘ਤੇ ਡਿਊਟੀ ਲੈਣ ਦਾ ਆਦੇਸ਼ ਵੀ ਪ੍ਰਬੰਧਕ ਕਮੇਟੀ ਨੂੰ ਹੀ ਦਿੱਤਾ ਸੀ। ਇਸੇ ਦਿਨ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਸੀ ਕਿ ਉਨ੍ਹਾਂ ਗਿਆਨੀ ਗੌਹਰ ਦੇ ਮਾਮਲੇ ਸਬੰਧੀ ਜਾਂਚ ਕਮੇਟੀ ਵੱਲੋਂ ਤੁਰੰਤ ਜਾਂਚ ਕਰਵਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ ਜਾਵੇ। ਉਨ੍ਹਾਂ ਕਿਹਾ ਕਿ ਇਸਤਰਾਂ ਦੇ ਬਹੁਤ ਸਾਰੇ ਹਵਾਲੇ ਮਿਲਦੇ ਹਨ ਕਿ ਸਰਵਿਸ ਰੂਲ ਮੁਤਾਬਿਕ ਜਥੇਦਾਰ ਜਾਂ ਸਿੰਘ ਸਾਹਿਬਾਨ ਦੀ ਜਾਂਚ ਜਾਂ ਕਾਰਵਾਈ ਦੇ ਅਧਿਕਾਰ ਪ੍ਰਬੰਧਕ ਕਮੇਟੀਆਂ ਪਾਸ ਹੀ ਹਨ। ਜਥੇਦਾਰ ਪ੍ਰਬੰਧਕ ਕਮੇਟੀ ਨੂੰ ਜਾਂਚ ਕਰਵਾਉਂਣ ਦੇ ਆਦੇਸ਼ ਦੇ ਸਕਦੇ ਹਨ, ਪਰ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਕਰਵਾਈ ਗਈ ਜਾਂਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਮੇਸ਼ਾਂ ਹੀ ਮਾਨਤਾ ਮਿਲਦੀ ਰਹੀ ਹੈ।



