ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ਤੋਂ ਭਿ੍ਰਸ਼ਟਾਚਾਰ ਖਿਲਾਫ ਸਿਆਸੀ ਲਹਿਰ ਦਾ ਐਲਾਨ
ਲੋਕ ਅਧਿਕਾਰ ਲਹਿਰ’’ ਪੰਜਾਬੀਆਂ ਦਾ ਇਕ ਇਕ ਹੱਕ ਹਕੂਮਤਾਂ ਤੋਂ ਵਿਆਜ ਸਮੇਤ ਲੈ ਕੇ ਦੇਵਾਂਗੇ: ਬਲਵਿੰਦਰ ਸਿੰਘ

ਫਿਰੋਜ਼ਪੁਰ 11 ਫਰਵਰੀ (ਬਾਲ ਕਿਸ਼ਨ)- ਬਹੁਤ ਸਮੇਂ ਤੋਂ ਪੰਜਾਬ ਵਿੱਚ ਭਿ੍ਰਸ਼ਟਾਚਾਰ ਸਿਸਟਮ ਖਿਲਾਫ ਇੱਕ ਸਿਆਸੀ ਲਹਿਰ ਦੀ ਲੋੜ ਸੀ । ਇਸ ਲਹਿਰ ਵਿਚ ਅਸਲ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਸੜਕਾਂ ਉਤੇ ਲੜ ਰਹੀ ਹਰੇਕ ਧਿਰ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਲਹਿਰ ਨਸ਼ਿਆਂ, ਅਨਪੜ੍ਹਤਾ, ਬੇਰੋਜਗਾਰੀ ਅਤੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਅਨਿਆਂ ਵਿਰੁੱਧ ਲੜੇਗੀ। ਵਪਾਰ ਲਈ ਸਰਹੱਦੀ ਬਾਰਡਰ ਖੋਲ੍ਹਣ, ਸੂਬੇ ਵਿਚ ਖੇਤੀ ਅਧਾਰਤ ਸਨਅਤਾਂ ਲਾਉਣ, ਠੇਕੇਦਾਰੀ ਪ੍ਰਣਾਲੀ ਬੰਦ ਕਰਾਉਣ ਅਤੇ ਜਨਤਕ ਅਦਾਰਿਆਂ ਦਾ ਪ੍ਰਾਈਵੇਟ ਕਰਨ ਰੋਕਣ ਲਈ ਲੜ ਰਹੇ ਲੋਕਾਂ ਦਾ ਸਹਿਯੋਗ ਕਰਾਂਗੇ। ਸਿੱਖਿਆ, ਸਿਹਤ, ਰੋਜ਼ਗਾਰ, ਸਮਾਜਿਕ ਸੁਰੱਖਿਆ ਮੁੱਖ ਪਹਿਲੂ ਹੋਣਗੇ। ਸਾਰੇ ਧਰਮਾਂ ਦੀ ਰਾਖੀ ਲਈ ਕਾਨੂੰਨ ਅਤੇ ਸਜਾਵਾਂ ਭੁਗਤ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਲੱਗੇ ਮੋਰਚੇ ਨੂੰ ਲੋਕ ਅਧਿਕਾਰ ਲਹਿਰ ਪਹਿਲੇ ਦਿਨ ਤੋਂ ਹੀ ਸਮਰਥਨ ਦੇ ਰਹੀ ਹੈ ਇਹ ਮੋਰਚਾ ਜਿੱਤਣ ਤੱਕ ਜਾਰੀ ਰਹੇਗਾ। ਇਹ ਲਹਿਰ ਖੜੀ ਕਰਨ ਵਿੱਚ ਪੰਜਾਬ ਦਾ ਕਿਸਾਨ ਮਜਦੂਰ ਅਤੇ ਬੇਰੁਜ਼ਗਾਰ ਨੌਜਵਾਨੀ ਵੱਡੀ ਭੂਮਿਕਾ ਅਦਾ ਕਰਨਗੇ। ਜ਼ਿਲ੍ਹਾ ਫਿਰੋਜ਼ਪੁਰ ਵਿਚ ਕੀਤੀ ਗਈ ਲੋਕ ਅਧਿਕਾਰ ਰੈਲੀ ਤੇ ਬੋਲਦਿਆਂ ਲਹਿਰ ਦੇ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਕਿਰਤੀ ਅਤੇ ਬਹਾਦੁਰ ਲੋਕਾਂ ਨੂੰ ਲੁੱਟ ਦੀ ਰਾਜਨੀਤੀ ਨੂੰ ਸਮਝਣ ਦੀ ਲੋੜ ਹੈ। ਮਜ਼ਦੂਰ ਅਤੇ ਕਿਸਾਨ ਪੰਜਾਬ ਦਾ ਉਹ ਵਰਗ ਹਨ, ਜਿਨ੍ਹਾਂ 50-50 ਸਾਲਾਂ ਤੋਂ ਸਥਾਪਿਤ ਰਾਜਸੀ ਪਾਰਟੀਆਂ ਦੀਆਂ ਨੂੰ ਜੜੋਂ ਉਖੇੜ ਪਿਛਲੀਆਂ ਚੋਣਾਂ ਵਿੱਚ ਇਤਹਾਸ ਰਚ ਦਿੱਤਾ, ਪਰ ਨਵੀਂ ਇਨਕਲਾਬੀ ਪਾਰਟੀ ਵਿਚ ਲੁੱਟ ਖਸੂਟ ਕਰਨ ਵਾਲੇ ਲੋਕ ਹੀ ਸ਼ਾਮਲ ਸਨ । ਅੱਜ ਦਿਵਆਂਗ, ਬੁਢਾਪਾ, ਵਿਧਵਾ ਪੈਨਸ਼ਨਰਾਂ ਦੀ ਪੈਨਸ਼ਨ ਵਿਚ 3 ਸਾਲਾਂ ਮਗਰੋਂ ਵੀ ਇਕ ਰੁਪਏ ਦਾ ਵਾਧਾ ਨਹੀਂ ਕੀਤਾ ਗਿਆ। ਨਿਮਨ ਕਿਸਾਨ ਅਤੇ ਮਨਰੇਗਾ ਮਜ਼ਦੂਰਾਂ ਦੀ ਜ਼ਿੰਦਗੀ ਵਿੱਚ ਤੋਲਾ ਮਾਸਾ ਵੀ ਪਰਿਵਰਤਨ, ਪੰਜਾਬ ਵਿੱਚ ਇਨਕਲਾਬੀ ਸਰਕਾਰ ਨੇ ਨਹੀਂ ਕੀਤਾ। ਅੱਜ ਦਾ ਇਕੱਠ ਆਉਣ ਵਾਲੇ ਸਮੇਂ ਵਿੱਚ ਮਜ਼ਦੂਰਾਂ ਅਤੇ ਕਿਸਾਨੀ ਦੀਆਂ ਮੰਗਾਂ ਲਈ ਲੜੇਗਾ। ਅੰਗਹੀਣ ਬੁਢਾਪਾ, ਵਿਧਵਾ ਪੈਨਸ਼ਨ 5000 ਅਤੇ ਮਜ਼ਦੂਰਾਂ ਦੀ ਮਨਰੇਗਾ ਦਿਹਾੜੀ 700 ਰੁਪਏ ਕਰਵਾਉਣ ਸਮੇਤ 17 ਮੰਗਾਂ ਉਤੇ ਪੰਜਾਬ ਵਿੱਚ ਮੁਹਿੰਮ ਅੱਜ ਸ਼ੁਰੂ ਹੋ ਗਈ ਹੈ, ਜਿੱਤਣ ਤੱਕ ਜਾਰੀ ਰਹੇਗੀ। ਇਨ੍ਹਾਂ ਮੰਗਾਂ ਵਿਚ ਪੰਜਾਬ ਦੇ ਹੁਸੈਨੀਵਾਲਾ ਤੇ ਬਾਘਾ ਬਾਰਡਰ ਖੋਲ੍ਹਣੇ, ਪੰਜਾਬ ਵਿੱਚ ਖੇਤੀ ਅਧਾਰਿਤ ਸਨਅਤਾ ਲਾਉਣੀਆਂ ਅਤੇ ਉਨਾਂ ਵਿਚ ਪੰਜਾਬੀਆਂ ਨੂੰ ਸੁਰੱਖਿਅਤ ਰੋਜਗਾਰ ਦੇਣਾ। ਪੰਜਾਬ ਵਿੱਚ ਨਸ਼ਿਆਂ ਦੀ ਰੋਕਥਾਮ ਤੇ ਪੀੜਤਾਂ ਦਾ ਇਲਾਜ ਮੁੱਖ ਮੰਗਾਂ ਹਨ। ਅੱਜ ਲੋਕ ਅਧਿਕਾਰ ਲਹਿਰ ਦਾ ਕਿਓਆਰ ਕੋਡ ਵੀ ਜਾਰੀ ਕੀਤਾ ਗਿਆ।ਉਨ੍ਹਾਂ ਅੱਗੇ ਦੱਸਿਆ ਕਿ ਦਿਨੋ ਦਿਨ ਡੂੰਘੇ ਹੁੰਦੇ ਜਾ ਰਹੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸੰਕਟਾਂ ਨੂੰ ਪਛਾਨਣ ਅਤੇ ਇਸ ਵਿਚੋਂ ਨਿਕਲਣ ਲਈ, ਕੋਈ ਰੋਡ ਮੈਪ ਕਿਸੇ ਵੀ ਸਥਾਪਿਤ ਰਾਜਸੀ ਧਿਰਾਂ ਕੋਲ ਨਹੀਂ ਹੈ। ਮੌਜ਼ੂਦਾ ਨਿਜ਼ਾਮ ਵਿਚ ਸਿਧਾਂਤ ਅਤੇ ਨਜ਼ਰੀਏ ਦੋਵਾਂ ਤੋਂ ਸੱਖਣੇ ਰਾਜਨੀਤਿਕ ਲੀਡਰ ਥਾਲੀ ਦੇ ਬੈਂਗਣਾਂ ਵਾਂਗ ਇੱਕ ਤੋਂ ਦੂਸਰੀ ਪਾਰਟੀ ਵਿੱਚ ਰੁੜ ਰਹੇ ਹਨ। ਹੁਣ ਉਹ ਸਮਾਂ ਆ ਗਿਆ ਹੈ ਜਦੋਂ ਸਿਸਟਮ ਖਿਲਾਫ ਲੜ ਰਹੇ, ਲੋਕ ਪੱਖੀ ਸੋਚ ਵਾਲੇ ਆਗੂਆਂ ਨੂੰ, ਲੋਕਾਂ ਦੀ ਲੜਾਈ ਅਤੇ ਅਗਵਾਈ ਲਈ ਸਿਰ ਜੋੜਨੇ ਚਾਹੀਦੇ ਹਨ। ਉਨ੍ਹਾਂ ਕਿਹਾ ਇਸਦੀ ਅਰੰਭਤਾ ਲਈ ਸਾਂਝੀਆਂ ਮਸਕਾਂ ਨਾਲ ਸਿਰਤੋੜ ਯਤਨ ਕੀਤੇ ਜਾਣਗੇ। ਲੋਕਾਂ ਦੀ ਜੁੜੀ ਭਾਰੀ ਇਕੱਤਰਤਾ ਨੂੰ ਸੰਬੋਧਨ ਕਰਨ ਲਈ ਲੋਕ ਅਧਿਕਾਰ ਲਹਿਰ ਦੇ ਬੁਲਾਰੇ ਰੁਪਿੰਦਰ ਸਿੰਘ ਸਿੱਧੂ, ਗਗਨਦੀਪ ਸਿੰਘ, ਲੁਧਿਆਣੇ ਤੋਂ ਸਨਅਤਾਂ ਤੇ ਵਪਾਰੀਆਂ ਦੇ ਆਗੂ ਤਰੁਣ ਜੈਨ ਬਾਵਾ, ਅਜੀਤ ਲਾਕੜਾ, ਮਜ਼ਦੂਰ ਆਗੂ ਤਰਸੇਮ ਜੋਧਾਂ, ਮਾਨਸਾ ਤੋਂ ਰਾਜਵਿੰਦਰ ਸਿੰਘ ਰਾਣਾ, ਜੋਰਾ ਸਿੰਘ ਸਾਬਕਾ ਐੱਮਸੀ ਅਤੇ ਸਿੱਖ ਆਗੂ ਗੁਰਦੀਪ ਸਿੰਘ ਬਠਿੰਡਾ ਨੇ ਸੰਬੋਧਨ ਕੀਤਾ । ਇਸ ਮੌਕੇ ਅਸੂਲ ਮੰਚ ਦੇ ਸੁਖਰਾਜ ਸਿੰਘ ਬਰਾੜ, ਗੁਰਦਾਸ ਸਿੰਘ ਦੁਸਾਂਝ, ਭੋਲਾ ਸਿੰਘ ਸਾਦਕ, ਬਾਜ਼ ਸਿੰਘ ਜ਼ੀਰਾ, ਜਸਬੀਰ ਸਿੰਘ ਪਿਆਰੇਆਣਾ, ਮਜ਼ਦੂਰ ਆਗੂ ਜੋਗਿੰਦਰ ਸਿੰਘ ਖਾਲਸਾ, ਕੁਲਦੀਪ ਸਿੰਘ ਭੱਠਾ ਮਜ਼ਦੂਰ ਆਗੂ, ਮਨਜੀਤ ਕੌਰ ਮਨਰੇਗਾ ਜ਼ਿਲ੍ਹਾ ਪ੍ਰਧਾਨ, ਕਿਰਨਦੀਪ ਕੌਰ, ਅਮਰਜੀਤ ਕੌਰ, ਯੁਹਿਨਾ ਮਸੀਹ, ਰੰਗਾ ਸਿੰਘ, ਬਾਊ ਰਾਮ ਪ੍ਰਧਾਨ, ਕਾਰਜ ਸਿੰਘ ਸ਼ਾਮਲ ਸਨ।



