
ਬਟਾਲਾ, 9 ਫਰਵਰੀ-ਪਬ ਜੀ ਗੇਮ ’ਚ ਕਈ ਲੋਕ ਜਾਨਾ ਗਵਾ ਚੁੱਕੇ ਹਨ। ਮਾਨਸਿਕ ਤੌਰ ’ਤੇ ਨੌਜਵਾਨਾਂ ਨੂੰ ਆਪਣੀ ਗ੍ਰਿਫ਼ਤ ’ਚ ਕਰ ਲੈਣ ਵਾਲੀ ਪਬਜੀ ਗੇਮ ਦਾ ਸ੍ਰੀ ਹਰਗੋਬਿੰਦਪੁਰ ਦਾ ਇਕ ਨੌਜਵਾਨ ਸ਼ਿਕਾਰ ਹੋਇਆ ਹੈ। ਅਕਸ਼ੇ ਕੁਮਾਰ ਵਾਸੀ ਸ੍ਰੀ ਹਰਗੋਬਿੰਦਪੁਰ ਜੋ ਪਬਜੀ ਗੇਮ ਦੀ ਲਤ ’ਚ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ। ਬੀਤੇ ਕੱਲ੍ਹ ਤੋਂ ਸ਼ੱਕੀ ਹਲਾਤ ’ਚ ਘਰੋਂ ਗਾਇਬ ਹੈ। ਅਕਸ਼ੇ ਨੇ ਘਰ ਤੋਂ ਜਾਣ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਸੀ। ਅਕਸ਼ੇ ਕੁਮਾਰ ਦੀਆਂ ਚੱਪਲਾਂ ਸ੍ਰੀ ਹਰਗੋਬਿੰਦਪੁਰ ਨਜ਼ਦੀਕ ਬਿਆਸ ਦਰਿਆ ਦੇ ਪੁਲ ਤੋਂ ਮਿਲੀਆਂ ਹਨ, ਜਿਸ ਨਾਲ ਆਤਮਹੱਤਿਆ ਦੀ ਸ਼ੰਕਾ ਜਤਾਈ ਜਾ ਰਹੀ ਹੈ, ਪਰ ਆਤਮਹੱਤਿਆ ਬਾਰੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ। ਜਾਣਕਾਰੀ ਦਿੰਦਿਆਂ ਅਕਸ਼ੇ ਕੁਮਾਰ ਦੇ ਪਿਤਾ ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਕਾਫੀ ਸਮੇਂ ਤੋਂ ਪਬਜੀ ਗੇਮ ਖੇਡਣ ਦਾ ਸ਼ੌਕੀਨ ਹੋ ਗਿਆ ਸੀ ਤੇ ਉਹ ਇਸ ਗੇਮ ਕਾਰਨ ਉਹ ਡਿਪਰੈਸ਼ਨ ਦਾ ਮਰੀਜ਼ ਬਣ ਗਿਆ ਹੈ। ਉਸ ਨੇ ਦੱਸਿਆ ਕਿ ਉਹ ਇਸ ਗੇਮ ’ਚ ਗ੍ਰਸਤ ਹੋ ਗਿਆ ਹੈ ਕਿ ਦੋ ਫੋਨ ਵੀ ਖ਼ਰਾਬ ਕਰ ਚੁੱਕਾ ਹੈ ਅਤੇ ਉਸ ਵੱਲੋਂ ਵਿੱਤੀ ਨੁਕਸਾਨ ਵੀ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਉਸ ਨੂੰ ਪੱਬਜੀ ਗੇਮ ਤੋਂ ਬਾਹਰ ਕੱਢਣ ਲਈ ਯਤਨ ਕੀਤਾ ਅਤੇ ਡਿਪਰੈਸ਼ਨ ’ਚ ਚਲੇ ਜਾਣ ਕਾਰਨ ਉਸ ਦੀ ਲੰਮੇ ਸਮੇਂ ਤੋਂ ਦਵਾਈ ਵੀ ਚੱਲ ਰਹੀ ਹੈ। ਅਕਸ਼ੇ ਦੀ ਭੈਣ ਸੋਨੂੰ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਅਕਸ਼ੇ ਨੇ ਆਪਣੀ ਇੱਕ ਵੀਡੀਓ ਬਣਾ ਕੇ ਉਸ ਦੇ ਮੋਬਾਈਲ ’ਤੇ ਭੇਜੀ ਸੀ ਅਤੇ ਫਿਰ ਵੀਡੀਓ ਕਾਲ ਰਾਹੀਂ ਉਸ ਨੇ ਦੱਸਿਆ ਕਿ ਉਹ ਬੱਸ ’ਤੇ ਬੈਠ ਕੇ ਬਿਆਸ ਦਰਿਆ ਦੇ ਪੁੱਲ ’ਤੇ ਪਹੁੰਚ ਗਿਆ ਹੈ ਅਤੇ ਹੁਣ ਉਸਦਾ ਮਨ ਛਾਲ ਮਾਰ ਕੇ ਆਤਮਹੱਤਿਆ ਕਰਨ ਨੂੰ ਕਰ ਰਿਹਾ ਹੈ। ਇਸ ਤੋਂ ਬਾਅਦ ਅਕਸ਼ੇ ਨੇ ਮਾਂ ਨੂੰ ਵੀ ਫੋਨ ਕੀਤਾ ਸੀ ਤੇ ਇਹੋ ਸ਼ਬਦ ਦੁਹਰਾਏ ਸਨ। ਉਨ੍ਹਾਂ ਦੱਸਿਆ ਕਿ ਵੀਰ ਅਕਸ਼ੇ ਦੇ ਫੋਨ ਤੋਂ ਬਾਅਦ ਉਨ੍ਹਾਂ ਨੂੰ ਭਾਜੜਾਂ ਪੈ ਗਈਆਂ ਅਤੇ ਜਦ ਉਹ ਬਿਆਸ ਦਰਿਆ ਪੁੱਲ ’ਤੇ ਗਏ ਤਾਂ ਉਥੋਂ ਅਕਸ਼ੇ ਦੀਆਂ ਚੱਪਲਾਂ ਮਿਲੀਆਂ ਹਨ, ਜੋ ਉਹ ਘਰੋਂ ਪੈਰੀ ਪਾ ਕੇ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਕੱਲ੍ਹ ਦੇ ਉਸ ਦੀ ਭਾਲ ’ਚ ਲੱਗੇ ਹੋਏ ਹਨ ਪਰ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗਾ ਅਤੇ ਉਨ੍ਹਾਂ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਿਸ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਹੈ। ਅਕਸ਼ੇ ਦੇ ਪਿਤਾ ਗੁਰਦੀਪ ਸਿੰਘ ਨੇ ਲਾਪਤਾ ਪੁੱਤਰ ਦੀ ਵਾਪਸੀ ਦੀ ਗੁਹਾਰ ਲਗਾਈ ਹੈ।



