
ਫ਼ਿਰੋਜ਼ਪੁਰ, 31 ਜਨਵਰੀ (ਬਾਲ ਕਿਸ਼ਨ)- ਅੱਜ ਤੜਕਸਾਰ ਪਿੰਡ ਮੋਹਣ ਕੇ ਉਤਾੜ ਦੇ ਨਜ਼ਦੀਕ ਬਲੈਰੋ ਪਿਕਅੱਪ ਅਤੇ ਕੈਂਟਰ ਦੀ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ ਵਿਚ ਕਰੀਬ 10 ਤੋਂ ਵਧੇਰੇ ਮੌਤਾਂ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪਿਕਅੱਪ ਗੱਡੀ ਵਿਚ 15 ਦੇ ਕਰੀਬ ਲੋਕ ਸਵਾਰ ਸਨ। ਇਹ ਹਾਦਸਾ ਫ਼ਿਰੋਜ਼ਪੁਰ ਫ਼ਾਜ਼ਿਲਕਾ ਰੋਡ ’ਤੇ ਵਾਪਰਿਆ ਹੈ, ਜਿਥੇ ਕਿ ਇਕ ਖ਼ਰਾਬ ਟੈਂਕਰ ਖੜਾ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਬਲੈਰੋ ਗੱਡੀ ਗੁਰੂ ਹਰ ਸਹਾਏ ਤੋਂ ਜਲਾਲਾਬਾਦ ਵੱਲ ਜਾ ਰਹੀ ਸੀ, ਜਿਸ ਵਿਚ ਲੇਬਰ ਸਵਾਰ ਸੀ ਅਤੇ ਕੈਂਟਰ ਜਲਾਲਾਬਾਦ ਦੀ ਤਰਫੋਂ ਫਿਰੋਜ਼ਪੁਰ ਨੂੰ ਜਾ ਰਿਹਾ ਸੀ ਅਤੇ ਜਦ ਸ਼ਹੀਦ ਊਧਮ ਸਿੰਘ ਕਾਲਜ ਦੇ ਕੋਲ ਪਹੁੰਚਿਆ ਤਾਂ ਅਚਾਨਕ ਦੋਨਾਂ ਵਹੀਕਲਾਂ ਦੀ ਸਿੱਧੀ ਟੱਕਰ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ 108 ਐਬੂਲੈਂਸ ਦੇ ਜਰੀਏ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਵਲੋਂ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।



