
ਬਿਕਰਮਜੀਤ ਸਿੰਘ
ਅੰਮ੍ਰਿਤਸਰ, 17 ਜਨਵਰੀ- ਸੀਆਈਏ ਸਟਾਫ਼-3 ਅਤੇ ਸਦਰ ਥਾਣਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਇੰਟਰਨੈੱਟ ਮੀਡੀਆ ਐਪਸ ਰਾਹੀਂ ਅਮਰੀਕਾ ਸਥਿਤ ਗੈਂਗਸਟਰ ਪ੍ਰਭ ਦਾਸੂਵਾਲ ਦੇ ਸੰਪਰਕ ਵਿਚ ਸੀ। ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਵਿੱਕੀ ਵਾਸੀ ਪਿੰਡ ਮਰੜੀ ਕਲਾਂ ਥਾਣਾ ਮਜੀਠਾ, ਪ੍ਰਿੰਸਦੀਪ ਸਿੰਘ ਉਰਫ਼ ਪ੍ਰਿੰਸ ਵਾਸੀ ਪਿੰਡ ਮੇਤਲਾ ਥਾਣਾ ਸ੍ਰੀ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ, ਅਨਮੋਲ ਸਿੰਘ ਵਾਸੀ ਪੱਟੀ ਰੋਡ ਥਾਣਾ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ, ਦਸ਼ਮੇਸ਼ ਕਲੋਨੀ ਅਟਾਰੀ ਰੋਡ ਥਾਣਾ ਝਬਾਲ ਜ਼ਿਲ੍ਹਾ ਤਰਨਤਾਰਨ ਵਿਖੇ ਰਹਿਣ ਵਾਲਾ ਰੋਹਿਤ, ਪਿੰਡ ਠੱਕਰਪੁਰਾ ਥਾਣਾ ਸਦਰ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਸੁਖਰਾਜ ਸਿੰਘ ਉਰਫ ਗੂੰਗਾ ਅਤੇ ਜੁਗਰਾਜ ਸਿੰਘ ਉਰਫ਼ ਨਿੱਕਾ ਵਾਸੀ ਪਿੰਡ ਵਲਟੋਹਾ ਥਾਣਾ ਵਲਟੋਹਾ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਕ ਪੁਆਇੰਟ 32 ਬੋਰ ਦਾ ਪਿਸਤੌਲ, ਛੇ ਕਾਰਤੂਸ ਅਤੇ ਇਕ ਲੁੱਟਿਆ ਹੋਇਆ ਐਕਟਿਵਾ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਗੈਂਗਸਟਰ ਪ੍ਰਭ ਦਾਸੂਵਾਲ ਦੇ ਨਿਰਦੇਸ਼ਾਂ ‘ਤੇ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਦੇ ਸੀ। ਉਪਰੋਕਤ ਮੁਲਜ਼ਮਾਂ ਵਿਚੋਂ ਰੋਹਿਤ, ਸੁਖਰਾਜ ਅਤੇ ਜੁਗਰਾਜ ਮੋਹਾਲੀ ਦੇ ਪੀਜੀ ਵਿਚ ਰਹਿੰਦੇ ਸਨ ਅਤੇ ਪ੍ਰਭ ਦਾਸੂਵਾਲ ਦੇ ਨਿਰਦੇਸ਼ਾਂ ‘ਤੇ ਉਹ ਕਤਲ ਲਈ ਰੇਕੀ ਕਰਦੇ ਸਨ ਅਤੇ ਇਸ ਤੋਂ ਇਲਾਵਾ ਉਹ ਸ਼ਾਰਪ ਸ਼ੂਟਰਾਂ ਨੂੰ ਹਥਿਆਰ ਵੀ ਸਪਲਾਈ ਕਰਦੇ ਸਨ। ਉਨ੍ਹਾਂ ਨੇ ਤਰਨਤਾਰਨ ਵਿਚ ਇਕ ਵਿਅਕਤੀ ਦੀ ਰੇਕੀ ਵੀ ਕੀਤੀ ਸੀ ਅਤੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਜਦੋਂ ਸਰਪੰਚੀ ਚੋਣਾਂ ਦੌਰਾਨ ਪੱਟੀ ਜ਼ਿਲ੍ਹਾ ਤਰਨਤਾਰਨ ਵਿਚ ਸਰਪੰਚ ਰਾਜਵਿੰਦਰ ਸਿੰਘ ਤਲਵੰਡੀ ਦਾ ਕਤਲ ਕੀਤਾ ਗਿਆ ਸੀ, ਤਾਂ ਇਸ ਦੀ ਰੇਕੀ ਵੀ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੇ ਕੀਤੀ ਸੀ। ਪੁਲਿਸ ਇਨ੍ਹਾਂ ਸਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਨ੍ਹਾਂ ਤੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ। ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਗ੍ਰੀਨ ਫੀਲਡ ਮਜੀਠਾ ਰੋਡ ਦੇ ਸਚਦੀਪ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ 5 ਜਨਵਰੀ, 2025 ਨੂੰ ਉਹ ਆਪਣੀ ਐਕਟਿਵਾ ‘ਤੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਗਿਆ ਸੀ ਅਤੇ ਘਰ ਵਾਪਸ ਆਉਂਦੇ ਸਮੇਂ ਜਦੋਂ ਉਹ 27 ਫੁੱਟ ਰੋਡ ਮਜੀਠਾ ਰੋਡ ਪਹੁੰਚਿਆ ਰਾਤ ਲਗਭਗ 11.40 ਵਜੇ ਤਿੰਨ ਲੁਟੇਰੇ ਉਸ ਦੀ ਐਕਟਿਵਾ ਦੇ ਸਾਹਮਣੇ ਆਏ ਅਤੇ ਉਸ ਦੀ ਐਕਟਿਵਾ ਰੋਕ ਕੇ ਉਸ ਦੀਆਂ ਚਾਬੀਆਂ ਖੋਹ ਲਈਆਂ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਪਿੱਛੇ ਖੜ੍ਹੇ ਇਕ ਵਿਅਕਤੀ ਨੇ ਬੰਦੂਕ ਦੀ ਨੋਕ ‘ਤੇ ਉਸ ਤੋਂ ਐਕਟਿਵਾ ਖੋਹ ਲਈ ਅਤੇ ਤਿੰਨੇ ਲੁਟੇਰੇ ਇਕੋ ਐਕਟਿਵਾ ‘ਤੇ ਭੱਜ ਗਏ।ਇਸ ਮਾਮਲੇ ਵਿਚ ਸਦਰ ਥਾਣੇ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ, ਫਿਰ ਦੋਸ਼ੀਆਂ ਦੀ ਪਛਾਣ ਕੀਤੀ ਗਈ। ਇਸ ਮਾਮਲੇ ਵਿਚ ਸ਼ਾਮਿਲ ਅਰਸ਼ਦੀਪ ਸਿੰਘ ਉਰਫ਼ ਵਿੱਕੀ, ਪ੍ਰਿੰਸਦੀਪ ਸਿੰਘ ਉਰਫ਼ ਪ੍ਰਿੰਸ ਨੂੰ 12 ਜਨਵਰੀ, 2025 ਨੂੰ 27 ਫੁੱਟ ਰੋਡ ਮਜੀਠਾ ਰੋਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੇ ਤੀਜੇ ਸਾਥੀ ਅਨਮੋਲ ਸਿੰਘ ਨੂੰ 14 ਜਨਵਰੀ ਨੂੰ ਮਜੀਠਾ ਰੋਡ ਦੇ 88 ਫੁੱਟ ਰੋਡ ਦੇ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕੋਲੋਂ ਚੋਰੀ ਕੀਤੀ ਐਕਟਿਵਾ ਬਰਾਮਦ ਕਰ ਲਈ ਗਈ। ਇਨ੍ਹਾਂ ਲੁਟੇਰਿਆਂ ਨੇ ਪ੍ਰਭ ਦਾਸੂਵਾਲ ਦੇ ਹੁਕਮ ‘ਤੇ ਲੁੱਟਖੋਹ ਕੀਤੀ ਸੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਪਰਾਧ ਦੌਰਾਨ ਵਰਤੀ ਗਈ ਪਿਸਤੌਲ ਆਪਣੇ ਇਕ ਹੋਰ ਸਾਥੀ ਜੁਗਰਾਜ ਸਿੰਘ ਨੂੰ ਦਿੱਤੀ ਸੀ। ਜਦੋਂ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਅਤੇ ਪੁੱਛਗਿੱਛ ਕੀਤੀ ਗਈ, ਤਾਂ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਇਸ਼ਾਰੇ ‘ਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਕਾਰੋਬਾਰ ਵਿਚ ਸ਼ਾਮਿਲ ਸਨ।ਇਸੇ ਤਰ੍ਹਾਂ ਸੀਆਈਏ ਸਟਾਫ਼ 3 ਦੇ ਇੰਚਾਰਜ ਬਿੰਦਰਜੀਤ ਸਿੰਘ ਦੀ ਟੀਮ ਨੇ ਫਤਿਹਗੜ੍ਹ ਚੂੜੀਆ ਬਾਈਪਾਸ ਦੇ ਇਲਾਕੇ ਤੋਂ ਰੋਹਿਤ, ਸੁਖਰਾਜ ਸਿੰਘ ਉਰਫ਼ ਗੂੰਗਾ ਅਤੇ ਜੁਗਰਾਜ ਸਿੰਘ ਉਰਫ਼ ਗੂੰਗਾ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਕਬਜ਼ੇ ਵਿਚੋਂ ਪੁਆਇੰਟ 32 ਬੋਰ ਦਾ ਇਕ ਪਿਸਤੌਲ ਅਤੇ ਛੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਉਕਤ ਪਿਸਤੌਲ 5 ਜਨਵਰੀ 2025 ਨੂੰ ਥਾਣਾ ਸਦਰ ਵਿਚ ਬੰਦੂਕ ਦੀ ਨੋਕ ‘ਤੇ ਐਕਟਿਵਾ ਲੁੱਟ ਦੇ ਮਾਮਲੇ ਵਿਚ ਵਰਤਿਆ ਗਿਆ ਸੀ। ਅਪਰਾਧ ਕਰਨ ਤੋਂ ਬਾਅਦ ਮੁਲਜਮਾਂ ਨੇ ਆਪਣਾ ਪਿਸਤੌਲ ਜੁਗਰਾਜ ਸਿੰਘ ਉਰਫ ਨਿੱਕਾ ਨੂੰ ਦੇ ਦਿੱਤਾ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਰੋਹਿਤ, ਸੁਖਰਾਜ ਅਤੇ ਜੁਗਰਾਜ ਮੋਹਾਲੀ ਦੇ ਇਕ ਪੀਜੀ ਵਿੱਚ ਰਹਿੰਦੇ ਸਨ ਅਤੇ ਪ੍ਰਭ ਦਾਸੂਵਾਲ ਦੇ ਨਿਰਦੇਸ਼ਾਂ ‘ਤੇ ਕਤਲ ਦੀ ਰੇਕੀ ਕਰਦੇ ਸਨ। ਉਹ ਸ਼ਾਰਪ ਸ਼ੂਟਰਾਂ ਨੂੰ ਹਥਿਆਰ ਵੀ ਸਪਲਾਈ ਕਰਦੇ ਸੀ। ਉਨ੍ਹਾਂ ਨੇ ਅੰਮ੍ਰਿਤਸਰ ਵਿਚ ਇੱਕ ਵਿਅਕਤੀ ਦੀ ਰੇਕੀ ਵੀ ਕੀਤੀ ਸੀ ਅਤੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਤੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ।



