
ਫਾਜਿਲਕਾ, 17 ਜਨਵਰੀ– ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਅੱਜ ਇੱਥੇ ਇੱਕ ਬੈਠਕ ਹੋਈ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਮਨਦੀਪ ਕੌਰ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਭਾਸ਼ ਚੰਦਰ ਨੇ ਅਧਿਕਾਰੀਆਂ ਤੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਜਾਣਕਾਰੀ ਲਈ। ਬੈਠਕ ਵਿੱਚ ਐਸਡੀਐਮ ਕੰਵਰ ਜੀਤ ਸਿੰਘ ਮਾਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਮਨਦੀਪ ਕੌਰ ਨੇ ਕਿਹਾ ਕਿ ਗਣਤੰਤਰ ਦਿਵਸ ਜ਼ਿਲਾ ਪੱਧਰ ਤੇ ਪੂਰੀ ਧੂਮ ਧਾਮ ਅਤੇ ਕੌਮੀ ਜਜਬੇ ਨਾਲ ਮਨਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਸਮਾਗਮ ਸ਼ਹੀਦ ਭਗਤ ਸਿੰਘ ਬਹੂਮੰਤਵੀ ਸਟੇਡੀਅਮ ਵਿਖੇ ਹੋਵੇਗਾ। ਉਹਨਾਂ ਨੇ ਕਿਹਾ ਕਿ ਇਸ ਦੌਰਾਨ ਵੱਖ-ਵੱਖ ਵਿਭਾਗ ਦਿੱਤੀ ਗਈ ਡਿਊਟੀ ਨੂੰ ਤਨਦੇਹੀ ਨਾਲ ਪੂਰਾ ਕਰਨ । ਉਹਨਾਂ ਨੇ ਕਿਹਾ ਕਿ ਸਮਾਗਮ ਦੌਰਾਨ ਦੇਸ਼ ਭਗਤੀ ਅਤੇ ਸੱਭਿਆਚਾਰ ਸਬੰਧੀ ਪੇਸ਼ਕਾਰੀਆਂ ਵੀ ਵਿਦਿਆਰਥੀਆਂ ਵੱਲੋਂ ਦਿੱਤੀਆਂ ਜਾਣਗੀਆਂ।ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਗਣਤੰਤਰ ਦਿਵਸ ਸਮਾਗਮ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਸਰਕਾਰ ਦੇ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਦਰਸਾਉਂਦੀਆਂ ਝਾਕੀਆਂ ਵੀ ਕੱਢੀਆਂ ਜਾਣਗੀਆਂ।ਐਸ ਡੀ ਐਮ ਕੰਵਰ ਜੀਤ ਸਿੰਘ ਮਾਨ ਨੇ ਸਮੂਹ ਵਿਭਾਗਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਵਿਭਾਗ ਤਿਆਰੀਆਂ ਵਿੱਚ ਢਿੱਲ ਨਾ ਰੱਖੇ ਅਤੇ ਸਮਾਗਮ ਤੋਂ ਪਹਿਲਾਂ ਸਾਰੇ ਇਲਾਕੇ ਵਿੱਚ ਸਫਾਈ ਵੀ ਕਰਵਾਈ ਜਾਵੇ।



