Punjab

ਸਿਰ ‘ਚ ਦਾਤ ਮਾਰ ਕੇ ਰਾਹਗੀਰ ਦਾ ਲੁੱਟਿਆ ਮੋਟਰਸਾਈਕਲ, ਵਾਲ-ਵਾਲ ਬਚੀ ਜਾਨ ਚਾਰ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਲੁਧਿਆਣਾ, 12 ਜਨਵਰੀ- ਕੰਮ ਤੋਂ ਘਰ ਪਰਤ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਨਿਸ਼ਾਨਾ ਬਣਾਉਂਦਿਆਂ ਚਾਰ ਬਦਮਾਸ਼ਾਂ ਨੇ ਉਸਦੇ ਸਿਰ ਵਿੱਚ ਦਾਤ ਮਾਰੇ ਅਤੇ ਲਹੂ ਲੁਹਾਣ ਕਰਨ ਤੋਂ ਬਾਅਦ ਉਸਦਾ ਮੋਟਰਸਾਈਕਲ ਲੁੱਟ ਲਿਆ। ਬੁਰੀ ਤਰ੍ਹਾਂ ਫੱਟੜ ਹੋਇਆ ਨੌਜਵਾਨ ਡਿੱਗਦਾ ਢਹਿੰਦਾ ਲਾਗੇ ਦੇ ਇੱਕ ਢਾਬੇ ਤੇ ਪਹੁੰਚਿਆ ਅਤੇ ਢਾਬਾ ਮਾਲਕ ਕੋਲੋਂ ਫੋਨ ਲੈ ਕੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦਿੱਤੀ। ਇਸ ਮਾਮਲੇ ਵਿੱਚ ਥਾਣਾ ਲਾਡੋਵਾਲ ਦੀ ਪੁਲਿਸ ਨੇ ਪਿੰਡ ਨੂਰਪੁਰ ਬੇਟ ਦੇ ਰਹਿਣ ਵਾਲੇ ਜਸਵੀਰ ਸਿੰਘ ਦੀ ਸ਼ਿਕਾਇਤ ਤੇ ਚਾਰ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਘਰਾਂ ਵਿੱਚ ਟਾਈਲਾਂ ਲਗਾਉਣ ਦਾ ਕੰਮ ਕਰਦਾ ਹੈ। ਕੁਝ ਦਿਨ ਪਹਿਲੋਂ ਉਹ ਸ਼ਾਮ 7 ਵਜੇ ਕੰਮ ਖਤਮ ਕਰਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਪਰਤ ਰਿਹਾ ਸੀ । ਜਸਵੀਰ ਜਿਵੇਂ ਹੀ ਬੱਗਾ ਕਲਾ ਮੋੜ ਤੇ ਪਹੁੰਚਿਆ ਤਾਂ ਮੋਟਰਸਾਈਕਲ ਸਵਾਰ ਚਾਰ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ। ਜਸਵੀਰ ਦੇ ਮੁਤਾਬਕ ਚਾਰਾਂ ਬਦਮਾਸ਼ਾਂ ਦੇ ਹੱਥ ਵਿੱਚ ਦਾਤ ਫੜੇ ਹੋਏ ਸਨ । ਬਦਮਾਸ਼ਾਂ ਚੋਂ ਇੱਕ ਨੇ ਉਸਦੇ ਸਿਰ ਵਿੱਚ ਦਾਤ ਨਾਲ ਵਾਰ ਕੀਤਾ । ਬੁਰੀ ਤਰ੍ਹਾਂ ਲਹੂ ਲੁਹਾਨ ਹੋਇਆ ਜਸਵੀਰ ਜ਼ਮੀਨ ਤੇ ਡਿੱਗ ਪਿਆ । ਬਦਮਾਸ਼ ਨੌਜਵਾਨ ਦਾ ਮੋਟਰਸਾਈਕਲ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਕੁਝ ਸਮੇਂ ਬਾਅਦ ਜਦ ਜਸਵੀਰ ਨੂੰ ਹੋਸ਼ ਆਈ ਤਾਂ ਉਹ ਬੜੀ ਮੁਸ਼ਕਿਲ ਨਾਲ ਲਾਗੇ ਹੀ ਪੈਂਦੇ ਮਾਨ ਢਾਬੇ ਤੇ ਪਹੁੰਚਿਆ । ਜਸਵੀਰ ਨੇ ਢਾਬਾ ਮਾਲਕ ਕੋਲੋਂ ਮੋਬਾਈਲ ਫੋਨ ਲੈ ਕੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵਾਰਦਾਤ ਸਬੰਧੀ ਸੂਚਨਾ ਦਿੱਤੀ । ਜਸਵੀਰ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਜਾਨ ਬੜੀ ਮੁਸ਼ਕਿਲ ਬਚੀ ਹੈ। ਜਸਵੀਰ ਦੇ ਸਿਰ ਵਿੱਚ ਕਈ ਟਾਂਕੇ ਲੱਗੇ ਹਨ । ਉਧਰੋਂ ਇਸ ਮਾਮਲੇ ਵਿੱਚ ਥਾਣਾ ਲਾਡੋਵਾਲ ਦੀ ਪੁਲਿਸ ਨੇ ਅਣਪਛਾਤੇ ਚਾਰ ਬਦਮਾਸ਼ਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਕੇਸ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਨ ਨੂੰ ਖੰਗਾਲ ਕੇ ਬਦਮਾਸ਼ਾਂ ਨੂੰ ਤਲਾਸ਼ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button