
ਫ਼ਿਰੋਜ਼ਪੁਰ, 7 ਜਨਵਰੀ (ਬਾਲ ਕਿਸ਼ਨ)– ਦਿਵਯ ਜਯੋਤੀ ਜਾਗਿ੍ਰਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਵਿੱਚ ਸਪਤਾਹਿਕ ਸਤਿਸੰਗ ਪ੍ਰੋਗਰਾਮ ਦੌਰਾਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾਇਆ ਗਿਆ, ਜਿਸ ਵਿੱਚ ਸਾਧਵੀ ਸੁਸ਼੍ਰੀ ਦੀਪਿਕਾ ਭਾਰਤੀ ਨੇ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦਸ਼ਮੇਸ਼ ਪਿਤਾ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਿੱਤੀਆਂ ਸਿੱਖਿਆਵਾਂ ’ਤੇ ਸਾਨੂੰ ਚੱਲਣਾ ਚਾਹੀਦਾ ਹੈ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕਰਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਉਨ੍ਹਾਂ ਨੂੰ ਧਰਮ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸੇ ਤਰ੍ਹਾਂ ਸਾਨੂੰ ਵੀ ਗੁਰੂ ਸਾਹਿਬਾਨਾਂ ਦੁਆਰਾ ਰਚੀ ਗੁਰਬਾਣੀ ਤੋਂ ਸਿੱਖਿਆ ਲੈਂਦੇ ਹੋਏ ਅਧਰਮ ਦਾ ਰਾਹ ਛੱਡ ਕੇ ਧਰਮ ਦੇ ਰਾਹ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਆਪਣਾ ਸਾਰਾ ਜੀਵਨ ਹੀ ਧਰਮ ਦੀ ਰੱਖਿਆ ਅਤੇ ਧਰਮ ਦੇ ਪ੍ਰਚਾਰ ਵਿਚ ਗੁਜ਼ਾਰ ਦਿੱਤਾ। ਉਨ੍ਹਾਂ ਦਾ ਪੂਰਾ ਪਰਿਵਾਰ ਧਰਮ ਲਈ ਬਲਿਦਾਨ ਹੋ ਗਿਆ। ਜਿਸ ਤਰ੍ਹਾਂ ਉਨ੍ਹਾਂ ਨੇ ਖਾਲਸੇ ਨੂੰ ਸੰਤ ਸਿਪਾਹੀ ਬਣਾਇਆ ਸਾਨੂੰ ਵੀ ਉਨ੍ਹਾਂ ਦੇ ਪ੍ਰੇਰਨਾਦਾਇਕ ਮਾਰਗ ’ਤੇ ਚੱਲਦੇ ਹੋਏ ਮਲਜੂਮ ਲੋਕਾਂ ਦੀ ਰੱਖਿਆ ਕਰਨ ਦੇ ਨਾਲ ਨਾਲ ਸੰਤਾਂ ਮਹਾਂਪੁਰਖਾਂ ਦੇ ਮਾਰਗ ਤੇ ਵੀ ਚੱਲਣਾ ਚਾਹੀਦਾ ਹੈ। ਜਦੋਂ ਜਦੋਂ ਵੀ ਸੰਤ ਮਹਾਂਪੁਰਖ ਇਸ ਧਰਤੀ ਤੇ ਅਵਤਾਰ ਧਾਰਨ ਕਰਦੇ ਹਨ ਤਾਂ ਉਹ ਧਰਮ ਦੀ ਰੱਖਿਆ ਦੇ ਨਾਲ ਨਾਲ ਧਰਮ ਨਾਲ ਜੁੜਨ ਲਈ ਵੀ ਪ੍ਰੇਰਿਤ ਕਰਦੇ ਹਨ। ਧਰਮ ਕੀ ਹੈ ? ਇਸ ਦੇ ਬਾਰੇ ਵਿਚ ਸਾਨੂੰ ਆਪਣੇ ਧਾਰਮਿਕ ਗ੍ਰੰਥਾਂ ਤੋਂ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ। ਸਾਡੇ ਧਾਰਮਿਕ ਗ੍ਰੰਥਾਂ ਅਨੁਸਾਰ ਇਹ ਸਰੀਰ ਹੀ ਸਭ ਤੋਂ ਵੱਡਾ ਧਰਮ ਹੈ ਜਿਸ ਅੰਦਰ ਉਸ ਪਰਮਾਤਮਾ ਖੁਦ ਬਿਰਾਜਮਾਨ ਹੈ ਅਤੇ ਉਸ ਦੀ ਪ੍ਰਾਪਤੀ ਲਈ ਸਾਨੂੰ ਪੂਰਨ ਸੰਤ ਮਹਾਂਪੁਰਖ ਦੇ ਜਰੂਰਤ ਹੁੰਦੀ ਹੈ ਜੋ ਧਾਰਮਿਕ ਗ੍ਰੰਥਾਂ ਅਨੁਸਾਰ ਸਾਨੂੰ ਉਸ ਈਸ਼ਵਰ ਨਾਲ ਮਿਲਾਉਣ ਦੀ ਸਮਰੱਥਾ ਰੱਖਦਾ ਹੋਵੇ। ਸਾਧਵੀ ਕਰਮਾਲੀ ਭਾਰਤੀ ਜੀ ਨੇ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਈਸ਼ਵਰ ਨੂੰ ਜੀਵਨ ਦੇ ਰਹਿੰਦੇ ਰਹਿੰਦੇ ਹੀ ਮਿਲਿਆ ਜਾ ਸਕਦਾ ਹੈ, ਬਸ ਜ਼ਰੂਰਤ ਹੈ ਐਸੇ ਪੂਰਨ ਸੰਤ ਮਹਾਂਪੁਰਖ ਦੀ ਖੋਜ ਕਰਨ ਦੀ ਜੋ ਸਾਨੂੰ ਉਸ ਪ੍ਰਮਾਤਮਾ ਨਾਲ ਮਿਲਾਉਣ ਦੀ ਸਮਰੱਥਾ ਰੱਖਦਾ ਹੋਵੇ। ਅੰਤ ਵਿੱਚ ਸਾਧਵੀ ਕ੍ਰਿਸ਼ਨਾ ਭਾਰਤੀ ਜੀ ਨੇ ਸ਼ਬਦ ਕੀਰਤਨ ਗਾਇਨ ਕੀਤਾ।



