Punjab

ਕਾਰੋਬਾਰੀ ਸਿਮਰ ਕਬੱਡੀ ਪਿਸਤੌਲ ਲੈ ਕੇ ਪਹੁੰਚਿਆ ਜਿਮ, ਹੋਇਆ ਹੰਗਾਮਾ

ਅੰਮ੍ਰਿਤਸਰ, 6 ਜਨਵਰੀ- ਇੰਟਰਨੈੱਟ ਮੀਡੀਆ ’ਤੇ ਪ੍ਰਮੋਸ਼ਨਲ ਕਾਰੋਬਾਰ ਕਰਨ ਵਾਲਾ ਸਿਮਰ ਕਬੱਡੀ ਸ਼ੁੱਕਰਵਾਰ ਦੇਰ ਰਾਤ ਆਪਣੀ ਇਕ ਮਹਿਲਾ ਮਿੱਤਰ ਨਾਲ ਮਾਲ ਰੋਡ ’ਤੇ ਸਥਿਤ ਗੋਲਡ ਜਿਮ ’ਚ ਪਿਸਤੌਲ ਲੈ ਕੇ ਪਹੁੰਚ ਗਿਆ। ਜਦੋਂ ਹੈਲਥ ਕਲੱਬ ਦੇ ਮੁਲਾਜ਼ਮਾਂ ਨੇ ਪਿਸਤੌਲ ਨੂੰ ਕਾਰ ਵਿਚ ਹੇਠਾਂ ਰੱਖਣ ਜਾਂ ਫਿਰ ਜਮ੍ਹਾ ਕਰਵਾਉਣ ਦੀ ਗੱਲ ਕੀਤੀ ਤਾਂ ਸਿਮਰ ਨੇ ਉਥੇ ਹੀ ਬਹਿਸਬਾਜ਼ੀ ਕਰ ਕੇ ਹੰਗਾਮਾ ਕਰ ਦਿੱਤਾ।ਕਲੱਬ ਦੇ ਮਾਲਕ ਰਿੱਕੀ ਭੱਲਾ ਨੇ ਇਸ ਸਬੰਧੀ ਥਾਣਾ ਸਿਵਲ ਲਾਈਨ ਵਿਖੇ ਸ਼ਿਕਾਇਤ ਦਿੱਤੀ ਹੈ। ਪਤਾ ਲੱਗਾ ਹੈ ਕਿ ਸਿਮਰ ਨੂੰ ਐਤਵਾਰ ਥਾਣੇ ‘ਚ ਪੁੱਛਗਿੱਛ ਲਈ ਬੁਲਾਇਆ ਗਿਆ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ। ਜਿਮ ਦੇ ਅੰਦਰ ਲੱਗੇ ਸੀਸੀਟੀਵੀ ਦੀ ਫੁਟੇਜ ਵੀ ਹਾਸਲ ਕਰ ਲਈ ਗਈ ਹੈ। ਜਿਮ ਦੇ ਮਾਲਕ ਰਿੱਕੀ ਨੇ ਦੱਸਿਆ ਕਿ ਸਿਮਰ ਕਬੱਡੀ ਇੰਟਰਨੈੱਟ ਮੀਡੀਆ ’ਤੇ ਲੋਕਾਂ ਦੀ ਪ੍ਰਮੋਸ਼ਨ ਲਈ ਕੰਮ ਕਰਦਾ ਹੈ। ਉਹ ਪਹਿਲਾਂ ਕਦੇ ਵੀ ਉਨ੍ਹਾਂ ਦੇ ਗੋਲਡ ਜਿਮ ਵਿਚ ਨਹੀਂ ਆਇਆ ਅਤੇ ਨਾ ਹੀ ਉਸ ਦੀ ਕਿਸੇ ਕਿਸਮ ਦੀ ਮੈਂਬਰਸ਼ਿਪ ਹੈ। ਉਨ੍ਹਾਂ ਦੇ ਕਲੱਬ ਵਿਚ ਬਹੁਤ ਸਾਰੇ ਨਿਆਇਕ ਅਧਿਕਾਰੀ, ਪੁਲਿਸ ਵਿਭਾਗ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਅਫਸਰ ਕਸਰਤ ਕਰਨ ਲਈ ਆਉਂਦੇ ਹਨ। ਸ਼ੁੱਕਰਵਾਰ ਨੂੰ ਲੋਕ ਉੱਥੇ ਕਸਰਤ ਕਰ ਰਹੇ ਸਨ। ਇਸੇ ਦੌਰਾਨ ਸਿਮਰ ਕਬੱਡੀ ਆਪਣੀ ਮਹਿਲਾ ਮਿੱਤਰ ਨਾਲ ਕਲੱਬ ਵਿਚ ਦਾਖ਼ਲ ਹੋ ਗਿਆ। ਕਲੱਬ ਦਾ ਮੈਨੇਜਰ ਸੀਸੀਟੀਵੀ ਰਾਹੀਂ ਉਸ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਸੀ। ਕੁਝ ਦੇਰ ਵਿਚ ਹੀ ਸਿਮਰ ਨੇ ਜੇਬ ਵਿਚੋਂ ਪਿਸਤੌਲ ਕੱਢ ਲਿਆ। ਇਸ ਦੌਰਾਨ ਉਹ ਆਪਣੀ ਮਹਿਲਾ ਮਿੱਤਰ ਨਾਲ ਵੀ ਗੱਲਾਂ ਕਰਦਾ ਰਿਹਾ। ਇਹ ਦੇਖ ਕੇ ਉਨ੍ਹਾਂ ਦਾ ਮੈਨੇਜਰ ਤੁਰੰਤ ਸਿਮਰ ਕੋਲ ਗਿਆ ਅਤੇ ਉਸ ਨੂੰ ਪਿਸਤੌਲ ਕਾਰ ਵਿਚ ਰੱਖਣ ਜਾਂ ਕਲੱਬ ਵਿਚ ਜਮ੍ਹਾਂ ਕਰਾਉਣ ਲਈ ਕਿਹਾ। ਸਿਮਰ ਨੇ ਇਹ ਕਹਿ ਕੇ ਪਿਸਤੌਲ ਸਪੁਰਦ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੇ ਕਈ ਪੰਗੇ ਹਨ। ਉਹ ਹਮੇਸ਼ਾ ਪਿਸਤੌਲ ਆਪਣੇ ਕੋਲ ਰੱਖਦਾ ਹੈ। ਰਿੱਕੀ ਨੇ ਦੋਸ਼ ਲਾਇਆ ਕਿ ਸਿਮਰ ਦੀ ਇੰਟਰਨੈੱਟ ਮੀਡੀਆ ’ਤੇ ਚੰਗੀ ਫੈਨ ਫਾਲੋਇੰਗ ਹੈ ਅਤੇ ਉਸ ਖਿਲਾਫ ਕਈ ਮਾਮਲੇ ਵੀ ਦਰਜ ਹਨ। ਇਨ੍ਹਾਂ ਹਾਲਾਤ ਵਿਚ ਪਿਸਤੌਲ ਵੀ ਉਸ ਦਾ ਆਪਣਾ ਨਹੀਂ ਹੈ। ਇਸ ਪੂਰੇ ਮਾਮਲੇ ਦੀ ਪੁਲਿਸ ਤੋਂ ਜਾਂਚ ਹੋਣੀ ਚਾਹੀਦੀ ਹੈ।

Related Articles

Leave a Reply

Your email address will not be published. Required fields are marked *

Back to top button