Punjab

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ 4 ਬਲਾਕਾਂ ਦੀ ਮੀਟਿੰਗ ਕਰਕੇ 9 ਜਨਵਰੀ ਮੋਗਾ ਰੈਲੀ ਦੀ ਕੀਤੀ ਤਿਆਰੀ

ਕੇਂਦਰ ਸਰਕਾਰ ਵੱਲੋਂ ਲਿਆਂਦੀ ਨਵੀਂ ਖੇਤੀ ਨੀਤੀ ਨਹੀਂ ਲਾਗੂ ਹੋਣ ਦੇਵਾਂਗੇ–ਗੁਰਮੀਤ ਮਹਿਮਾ

ਫ਼ਿਰੋਜ਼ਪੁਰ, 3 ਜਨਵਰੀ (ਜਸਵਿੰਦਰ ਸਿੰਘ ਸੰਧੂ)– ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਚਾਰ ਬਲਾਕਾਂ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਦਿਲਬਾਗ ਸਿੰਘ ਢਿੱਲੋਂ ਦੀ ਅਗਵਾਈ ਵਿਚ ਪਿੰਡ ਸੁਰ ਸਿੰਘ ਵਾਲਾ ’ਚ ਹੋਈ। ਮੀਟਿੰਗ ਵਿੱਚ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਅਤੇ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਮਲਸੀਆਂ ਸਮੇਤ ਵੱਖ–ਵੱਖ ਬਲਾਕਾਂ ਦੇ ਪ੍ਰਧਾਨ ਆਪਣੇ ਇਲਾਕੇ ਦੇ ਕਿਸਾਨ ਆਗੂਆਂ ਸਮੇਤ ਸ਼ਾਮਿਲ ਹੋਏ। ਮੀਟਿੰਗ ਵਿਚ ਵਿਚਾਰ–ਚਰਚਾ ਤੋਂ ਬਾਅਦ 9 ਜਨਵਰੀ ਨੂੰ ਮੋਗਾ ਦੀ ਦਾਣਾ ਮੰਡੀ ਵਿਚ ਸੰਯੁਕਤ ਕਿਸਾਨ ਮੋਰਚਾ ਵੱਲੋ ਕੀਤੀ ਜਾਂ ਰਹੀ ਰੈਲੀ ਦੀਆਂ ਤਿਆਰੀਆਂ ਕੀਤੀਆਂ ਗਈਆਂ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਆਗੂ ਅਵਤਾਰ ਸਿੰਘ ਮਹਿਮਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦਿੱਲੀ ਅੰਦੋਲਨ ਵੇਲੇ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਿਕ ਐਮ.ਐੱਸ.ਪੀ ਦਾ ਗਾਰੰਟੀ ਕਾਨੂੰਨ ਬਣਾਉਣ ਤੋਂ ਹੱਥ ਖਿੱਚ ਲਏ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਕਿਸਾਨ ਕਰਜ ਮੁਕਤੀ ਅਤੇ ਫਸਲਾਂ ਦੇ ਭਾਅ ਲਈ ਲੜ ਰਹੇ ਹਨ, ਉੱਥੇ ਕਿਸਾਨਾਂ ਦੀਆਂ ਮੰਗਾ ਮੰਨਣ ਦੀ ਬਜਾਏ ਨਵੀਂ ਕੌਮੀ ਖੇਤੀ ਨੀਤੀ ਲਿਆ ਕੇ ਰਾਜਾਂ ਦੀਆਂ ਸਰਕਾਰਾਂ ਨੂੰ ਜਲਦ ਲਾਗੂ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਦਾ ਵਿਰੋਧ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਨੇ ਸੂਬਾ ਪੱਧਰੀ ਰੈਲੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹਜ਼ਾਰਾਂ ਕਿਸਾਨ ਇਸ ਰੈਲੀ ਵਿਚ ਸ਼ਾਮਿਲ ਹੋਣਗੇ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦੇਣ ਦੇ ਨਾਲ ਹੀ ਪੰਜਾਬ ਸਮੇਤ ਸਾਰੇ ਦੇਸ਼ ਦੇ ਕਿਸਾਨਾਂ ਨੂੰ ਇਸ ਨੀਤੀ ਦਾ ਜ਼ਬਰਦਸਤ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਬਲਾਕ ਘੱਲ ਖੁਰਦ ਦੇ ਪ੍ਰਧਾਨ ਗੁਰਜੱਜ ਸਿੰਘ ਸਾਂਦੇ ਹਾਸ਼ਮ, ਬਲਾਕ ਜ਼ੀਰਾ ਦੇ ਪ੍ਰਧਾਨ ਨਛੱਤਰ ਸਿੰਘ ਮਲਸੀਆਂ, ਮੱਲਾਂਵਾਲਾ ਬਲਾਕ ਦੇ ਸਕੱਤਰ ਗੁਰਬਚਨ ਸਿੰਘ ਮੱਲਾਂਵਾਲਾ, ਤਲਵੰਡੀ ਬਲਾਕ ਦੇ ਪ੍ਰਧਾਨ ਲਖਵਿੰਦਰ ਸਿੰਘ ਆਦਿ ਦੀ ਅਗਵਾਈ ਵਿਚ ਦਰਜਨਾਂ ਕਿਸਾਨ ਆਗੂ ਹਾਜ਼ਰ ਹੋਏ।

Related Articles

Leave a Reply

Your email address will not be published. Required fields are marked *

Back to top button