ਫ਼ਿਰੋਜ਼ਪੁਰ, 3 ਜਨਵਰੀ (ਜਸਵਿੰਦਰ ਸਿੰਘ ਸੰਧੂ)– ਫ਼ਿਰੋਜ਼ਪੁਰ ਫ਼ਾਜ਼ਿਲਕਾ ਰੋਡ ’ਤੇ ਸਥਿਤ ਦਰਗਾਹ ਬਾਬਾ ਸ਼ੇਰਸ਼ਾਹ ਵਾਲੀ ਵਿਖੇ ਜੈਨੇਸਿਸ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਨਵੇਂ ਸਾਲ ਦੇ ਮੌਕੇ ’ਤੇ ਦੰਦਾਂ ਦਾ ਵਿਸ਼ੇਸ਼ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਾਲਜ ਤੋਂ ਡਾ. ਮਨੀਸ਼ਾ ਅਤੇ ਡਾ. ਸਿਰਜਦੀਪ ਸਿੰਘ, ਡਾ. ਅਕਸ਼ਿਤ ਬੁਲੰਦੀ, ਡਾ. ਸ਼ੁਭਮ, ਡਾ. ਦੀਪਕ, ਡਾ. ਤਰਮਨਪ੍ਰੀਤ ਕੌਰ ਨੇ ਦੰਦਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਜ਼ਰੂਰੀ ਸਲਾਹ ਦਿੱਤੀ। ਦੰਦਾਂ ਦੀ ਦੇਖਭਾਲ ਕੈਂਪ ਦੌਰਾਨ ਲੋਕਾਂ ਨੂੰ ਮੂੰਹ ਦੀ ਸਿਹਤ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਦੰਦਾਂ ਦੀਆਂ ਬਿਮਾਰੀਆਂ ਦੇ ਕਾਰਨ, ਰੋਕਥਾਮ ਅਤੇ ਸਹੀ ਦੇਖਭਾਲ ਦੇ ਉਪਾਵਾਂ ਬਾਰੇ ਵੀ ਚਰਚਾ ਕੀਤੀ ਗਈ। ਇਹ ਉਪਰਾਲਾ ਨਾ ਸਿਰਫ਼ ਲੋਕਾਂ ਦੀਆਂ ਸਿਹਤ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਹਾਈ ਹੋਇਆ ਸਗੋਂ ਉਨ੍ਹਾਂ ਨੂੰ ਆਪਣੇ ਦੰਦਾਂ ਦੀ ਨਿਯਮਤ ਦੇਖਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ। ਕੈਂਪ ਦਾ ਆਯੋਜਨ ਕਰਨ ਵਾਲੀ ਕਮੇਟੀ ਦੇ ਚੇਅਰਮੈਨ ਅਸ਼ੋਕ ਪਸਰੀਜਾ ਨੇ ਕਾਲਜ ਦੀ ਟੀਮ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਪਰਾਲਾ ਸ਼ਲਾਘਾਯੋਗ ਹੈ ਅਤੇ ਕਾਲਜ ਦੀ ਸਮਾਜ ਪ੍ਰਤੀ ਸਮਰਪਣ ਭਾਵਨਾ ਨੂੰ ਦਰਸਾਉਂਦਾ ਹੈ। ਸਮਾਜ ਦੀ ਸਿਹਤ ਅਤੇ ਤੰਦਰੁਸਤੀ ਲਈ ਅਜਿਹੇ ਉਪਰਾਲੇ ਬਹੁਤ ਜ਼ਰੂਰੀ ਹਨ। ਇਹ ਸਮਾਗਮ ਸਮਾਜ ਸੇਵਾ ਦੀ ਇੱਕ ਮਿਸਾਲ ਹੀ ਨਹੀਂ ਸਗੋਂ ਇਹ ਸਾਬਤ ਕਰਦਾ ਹੈ ਕਿ ਜੈਨੇਸਿਸ ਡੈਂਟਲ ਕਾਲਜ ਵਿੱਦਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਰੋਲ ਅਦਾ ਕਰ ਰਿਹਾ ਹੈ। ਅੰਤ ਵਿੱਚ ਕਾਲਜ ਦੇ ਪੀਆਰਓ ਰਣਜੀਤ ਸਿੰਘ ਅਤੇ ਮਨਜੀਤ ਧਾਲੀਵਾਲ ਹਾਜ਼ਰ ਸਨ। ਇਸ ਮੌਕੇ ਮੁਫ਼ਤ ਟੂਥਬਰਸ਼, ਟੂਥਪੇਸਟ ਅਤੇ ਜ਼ਰੂਰੀ ਦਵਾਈਆਂ ਵੰਡੀਆਂ ਗਈਆਂ।



