Punjab

ਘਰ ’ਚੋਂ ਅਣਪਛਾਤੇ ਵਿਅਕਤੀਆਂ ਨੇ ਸੋਨੇ ਦੇ ਗਹਿਣੇ, ਚਾਂਦੀ ਦੇ ਸਿੱਕੇ ਅਤੇ ਨਕਦੀ ਕੀਤੀ ਚੋਰੀ, ਮਾਮਲਾ ਦਰਜ

ਫ਼ਿਰੋਜ਼ਪੁਰ, 2 ਜਨਵਰੀ (ਜਸਵਿੰਦਰ ਸਿੰਘ ਸੰਧੂ)– ਫਿਰੋਜ਼ਪੁਰ ਗੇਟ ਮੈਗਜ਼ਨੀ ਗੇਟ ਵਿਖੇ ਇਕ ਵਿਅਕਤੀ ਦੇ ਘਰ ’ਚੋਂ ਅਣਪਛਾਤੇ ਵਿਅਕਤੀਆਂ ਵੱਲੋਂ ਸੋਨੇ ਦੇ ਗਹਿਣੇ, ਚਾਂਦੀ ਦੇ 20 ਸਿੱਕੇ, 95 ਹਜ਼ਾਰ ਰੁਪਏ ਦੀ ਨਕਦੀ, ਪਿੱਤਲ ਦੇ ਬਰਤਨ ਦਾ ਸਕਰੈਪ ਅਤੇ ਇਕ ਮੋਟਰਸਾਈਕਲ ਚੋਰੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 331 (4), 305 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੁਕੇਸ਼ ਕੁਮਾਰ ਪੁੱਤਰ ਜੋਗਿੰਦਰ ਲਾਲ ਵਾਸੀ ਮੈਗਜ਼ਨੀ ਗੇਟ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਘਰ ਤੋਂ ਬਾਹਰ ਗਿਆ ਹੋਇਆ ਸੀ। ਜਦ ਉਸ ਨੇ ਆ ਕੇ ਵੇਖਿਆ ਤਾਂ ਘਰ ਦਾ ਸਮਾਨ ਖਿਲਰਿਆ ਹੋਇਆ ਸੀ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿਚੋਂ ਕਰੀਬ ਢਾਈ ਤੋਲੇ ਸੋਨੇ ਦੇ ਗਹਿਣੇ, ਚਾਂਦੀ ਦੇ 20 ਸਿੱਕੇ ਵਜ਼ਨੀ 500 ਗ੍ਰਾਮ, 95 ਹਜ਼ਾਰ ਰੁਪਏ ਦੀ ਨਗਦੀ, ਪਿੱਤਲ ਦੇ ਬਰਤਨਾਂ ਦਾ ਸਕਰੈਪ ਵਜ਼ਨੀ 50 ਕਿਲੋ ਜਿਸ ਦੀ ਕੀਮਤ 35 ਹਜ਼ਾਰ ਰੁਪਏ ਬਣਦੀ ਹੈ ਤੇ 1 ਮੋਟਰਸਾਈਕਲ ਨੰਬਰ ਪੀਬੀ 03 ਏਐੱਮ 8409 ਚੋਰੀ ਕਰਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button