
ਲੁਧਿਆਣਾ, 24 ਮਾਰਚ : ਗਿਆਸਪੁਰਾ ਇਲਾਕੇ ਦੀ ਮੱਕੜ ਕਲੋਨੀ ਵਿੱਚ ਇੱਕ ਔਰਤ ਨੇ ਬੇਜ਼ੁਬਾਨਾਂ ਤੇ ਇਸ ਕਦਰ ਤਸ਼ੱਦਦ ਕੀਤੀ ਕਿ ਕੁੱਤੇ ਦੇ ਦੋ ਮਾਸੂਮ ਬੱਚਿਆਂ ਨੇ ਥਾਂ ਤੇ ਹੀ ਦਮ ਤੋੜ ਦਿੱਤਾ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਹੈਲਪ ਫੋਰ ਐਨੀਮਲ ਸੰਸਥਾ ਦੇ ਪ੍ਰਧਾਨ ਮਨੀ ਸਿੰਘ ਦੀ ਸ਼ਿਕਾਇਤ ਤੇ ਰੀਤਾ ਰਾਣੀ ਨਾਮ ਦੀ ਔਰਤ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਮਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਜਾਨਵਰਾਂ ਦੀ ਭਲਾਈ ਲਈ ਕੰਮ ਕਰਦੀ ਹੈ। ਉਨ੍ਹਾਂ ਨੂੰ ਵਿਕਾਸ ਸ਼ਾਹ ਨਾਮ ਦੇ ਇੱਕ ਵਿਅਕਤੀ ਨੇ ਸੂਚਨਾ ਦਿੱਤੀ ਕਿ ਮੱਕੜ ਕਲੋਨੀ ਇਲਾਕੇ ਪੈਂਦੇ ਸਨਸ਼ਾਈਨ ਸਕੂਲ ਦੇ ਲਾਗੇ ਕੁੱਤੇ ਦੇ ਦੋ ਮਾਸੂਮ ਬੱਚਿਆਂ ਤੇ ਬੇਰਹਿਮੀ ਨਾਲ ਤਸ਼ੱਦਦ ਕਰ ਰਹੀ ਹੈ। ਵਿਕਾਸ ਨੇ ਜਾਣਕਾਰੀ ਦਿੱਤੀ ਕਿ ਉਹ ਲਗਾਤਾਰ ਬੱਚਿਆਂ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਸੋਟੀਆਂ ਮਾਰ ਰਹੀ ਹੈ। ਉਸ ਨੇ ਇਹ ਵੀ ਦੱਸਿਆ ਕਿ ਦੋਵੇਂ ਮਾਸੂਮ ਬੇਸੁੱਧ ਹੋ ਕੇ ਜ਼ਮੀਨ ਤੇ ਡਿੱਗ ਪਏ ਹਨ। ਸੂਚਨਾ ਮਿਲਦੇ ਹੀ ਐਨਜੀਓ ਦੇ ਪ੍ਰਧਾਨ ਮਨੀ ਸਿੰਘ ਮੌਕੇ ਤੇ ਪਹੁੰਚੇ ਅਤੇ ਦੇਖਿਆ ਕਿ ਦੋਵਾਂ ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਮਨੀ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਰੀਤਾ ਰਾਣੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।



