Punjab

ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਵਣ ਪਾਲ ਨਾਲ ਅਹਿਮ ਮੀਟਿੰਗ

ਸੇਵਾ ਲਾਭਾਂ, ਪੇ ਕਮਿਸ਼ਨ ਬਕਾਏ ਅਤੇ ਮੈਡੀਕਲ ਬਿਲਾਂ ‘ਤੇ ਤੁਰੰਤ ਹੱਲ ਦਾ ਭਰੋਸਾ

ਫਿਰੋਜ਼ਪੁਰ 3 ਮਾਰਚ ( ਜਸਵਿੰਦਰ ਸਿੰਘ ਸੰਧੂ ) ਹੱਕੀ ਮੰਗਾਂ ਅਤੇ ਅਧਿਕਾਰਾਂ ਦੀ ਪੂਰਤੀ ਅਤੇ ਭੱਖਦੇ ਮਸਲਿਆਂ ਦੇ ਹੱਲ ਲਈ ਅੱਜ ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸੁਬਾ ਮੀਤ ਪ੍ਰਧਾਨ ਸਤਪਾਲ ਸਿੰਘ ਦੀ ਅਗਵਾਈ ਹੇਠ ਵਣ ਪਾਲ ਬਿਸਤ ਸਰਕਲ ਜਲੰਧਰ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ । ਇਸ ਮੀਟਿੰਗ ਦੌਰਾਨ ਵਣ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼੍ਰੀ ਹਰਜਿੰਦਰ ਸਿੰਘ, IFS (ਵਣ ਪਾਲ) ਨਾਲ ਵਣ ਪੈਨਸ਼ਨਰਾਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਮਸਲਿਆਂ ‘ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਹੋਇਆ। ਮੀਟਿੰਗ ਵਿਚ ਵਿਭਾਗ ਵੱਲੋਂ ਹਰਜਿੰਦਰ ਸਿੰਘ ਵਣ ਪਾਲ, ਜਗਰੂਪ ਸਿੰਘ ਪ੍ਰਬੰਧਕੀ ਅਫ਼ਸਰ ਅਤੇ ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸਤਪਾਲ ਸਿੰਘ ਸੁਬਾ ਮੀਤ ਪ੍ਰਧਾਨ, ਦਰਸ਼ਨ ਸਿੰਘ ਪ੍ਰਧਾਨ ਜਲੰਧਰ, ਮੋਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ, ਜਗਦੀਸ਼ ਕੁਮਾਰ (ਰਿਟਾਇਰਡ ਉਪ ਰੇਜਰ), ਰਾਜਿੰਦਰ ਕੁਮਾਰ (ਰਿਟਾਇਰਡ ਉਪ ਰੇਜਰ), ਜਗੀਰ ਸਿੰਘ (ਫੋਰੈਸਟਰ), ਦਾਨਿੰਦਰ ਪਾਲ, ਸਤਨਾਮ ਸਿੰਘ (ਫੋਰੈਸਟਰ) ਆਦਿ ਹਾਜ਼ਰ ਹੋਏ ।
ਚਰਚਾ ਦੇ ਮੁੱਖ ਮੁੱਦੇ
ਮੀਟਿੰਗ ਦੌਰਾਨ ਵਣ ਪੈਨਸ਼ਨਰਾਂ ਨਾਲ ਸੰਬੰਧਿਤ ਅਹਿਮ ਮਸਲੇ ਅਤੇ ਮੰਗਾਂ ਜਿਵੇਂ ਬਣਦੇ ਸੇਵਾ ਲਾਭਾਂ ਦੀ ਅਦਾਇਗੀ, ਪੇ ਕਮਿਸ਼ਨ ਦੇ ਬਕਾਏ, ਏਸੀਪੀ (ACP) ਦੇ ਲੰਬਿਤ ਕੇਸ, ਮੈਡੀਕਲ ਬਿਲਾਂ ਦੀ ਬਕਾਇਆ ਅਦਾਇਗੀ, ਰਾਜਿੰਦਰ ਕੁਮਾਰ (ਉਪ ਰੇਜਰ) ਦੀ ਤਰੱਕੀ ਆਦਿ ਵਿਭਾਗੀ ਅਤੇ ਮੁਲਾਜ਼ਮਾਂ ਨਾਲ ਸੰਬਧਿਤ ਮਾਮਲਿਆ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ । ਐਸੋਸੀਏਸ਼ਨ ਦੇ ਪ੍ਰਤਿਨਿਧੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਰਿਟਾਇਰਡ ਕਰਮਚਾਰੀਆਂ ਨੂੰ ਆਪਣੇ ਹੱਕਾਂ ਲਈ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ, ਜੋ ਨਾਜਾਇਜ਼ ਹੈ । ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨਰਾਂ ਦੇ ਮਸਲਿਆਂ ਨੂੰ ਤਰਜੀਹੀ ਆਧਾਰ ‘ਤੇ ਨਿਪਟਾਇਆ ਜਾਵੇ।
ਸਾਂਝੇ ਸੰਘਰਸ਼ ਦਾ ਐਲਾਨ
ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜੇਕਰ ਮਸਲੇ ਤੁਰੰਤ ਹੱਲ ਨਾ ਹੋਏ ਤਾਂ ਸਾਂਝੇ ਸੰਘਰਸ਼ ਦੀ ਰਾਹ ਅਪਣਾਈ ਜਾਵੇਗੀ। ਇਸ ਸੰਘਰਸ਼ ਵਿੱਚ ਭਾਰੀ ਗਿਣਤੀ ਵਿੱਚ ਵਣ ਪੈਨਸ਼ਨਰ ਸਾਥੀ ਸ਼ਾਮਲ ਹੋਣਗੇ ਅਤੇ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨਗੇ।
ਵਣ ਪਾਲ ਵੱਲੋਂ ਭਰੋਸਾ
ਵਣ ਪਾਲ ਹਰਜਿੰਦਰ ਸਿੰਘ ਨੇ ਐਸੋਸੀਏਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਉੱਠਾਏ ਗਏ ਸਾਰੇ ਮਸਲਿਆਂ ਦਾ ਜਲਦ ਨਿਪਟਾਰਾ ਕਰਨ ਲਈ ਕਾਰਵਾਈ ਕੀਤੀ ਜਾਵੇਗੀ ਅਤੇ ਜਿੱਥੇ ਲੋੜ ਪਈ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ । ਮੀਟਿੰਗ ਸਕਾਰਾਤਮਕ ਮਾਹੌਲ ਵਿੱਚ ਸੰਪੰਨ ਹੋਈ।

Related Articles

Leave a Reply

Your email address will not be published. Required fields are marked *

Back to top button