Punjab

ਲਾਈਵ ਵੀਡੀਓ ਤੋਂ ਬਾਅਦ ਆਤਮਹੱਤਿਆ, ਅੰਮ੍ਰਿਤਸਰ ‘ਚ ਪਤਨੀ ਤੋਂ ਤੰਗ ਸ਼ਖ਼ਸ ਨੇ ਖ਼ੁਦ ਨੂੰ ਮਾਰੀ ਗੋਲ਼ੀ, ਬੱਚਿਆਂ ਤੋਂ ਮੰਗੀ ਮਾਫ਼ੀ

ਅੰਮ੍ਰਿਤਸਰ, 21 ਫਰਵਰੀ : ਨਗਰ ਨਿਗਮ ਸਫ਼ਾਈ ਮੁਲਾਜ਼ਮ ਯੂਨੀਅਨ ਦੇ ਦਲਿਤ ਆਗੂ ਅਤੇ ਪ੍ਰਧਾਨ ਅਸ਼ਵਨੀ ਕੁਮਾਰ ਉਰਫ਼ ਆਸ਼ੂ ਨਾਹਰ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਆਸ਼ੂ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਕੀਤੀ ਜਿਸ ਵਿਚ ਉਸ ਨੇ ਆਪਣੀ ਮੌਤ ਲਈ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਵਾਇਰਲ ਵੀਡੀਓ ‘ਚ ਆਸ਼ੂ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਪ੍ਰਿਆ ਨਾਹਰ, ਸੱਸ ਨੀਲਮ, ਸਾਲੇ ਸਿਕੰਦਰ ਸਮੇਤ ਪੰਜ ਲੋਕਾਂ ਨਾਲ ਪਿਛਲੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ। ਉਸ ਦੀ ਪਤਨੀ ਕਈ ਦਿਨਾਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ। ਸਹੁਰੇ ਪਰਿਵਾਰ ਨੇ ਥਾਣਾ ਸੀ-ਡਵੀਜ਼ਨ ‘ਚ ਉਸ ਦੇ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਹੋਈ ਸੀ। ਵਾਇਰਲ ਵੀਡੀਓ ‘ਚ ਆਸ਼ੂ ਕਹਿ ਰਿਹਾ ਹੈ ਕਿ ਏਸੀਪੀ ਪਰਵੇਸ਼ ਚੋਪੜਾ ਨੇ ਉਸ ਦਾ ਦੁੱਖ ਸੁਣਿਆ ਅਤੇ ਘਰ ਵਸਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਪਤਨੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਕਿ ਉਸ ਨੇ ਆਪਣੀ ਲਾਇਸੰਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸ਼ਾਮ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਘਰ ‘ਚ ਮਿਲੀ ਇਤਰਾਜ਼ਯੋਗ ਵਸਤੂ ਤੋਂ ਸ਼ੁਰੂ ਹੋਇਆ ਵਿਵਾਦ

ਵੀਡੀਓ ‘ਚ ਆਸ਼ੂ ਨੇ ਦਾਅਵਾ ਕੀਤਾ ਕਿ ਉਸ ਦੀ ਪਤਨੀ ਨਾਲ ਵਿਵਾਦ ਇਤਰਾਜ਼ਯੋਗ ਵਸਤੂ ਮਿਲਣ ਤੋਂ ਬਾਅਦ ਸ਼ੁਰੂ ਹੋਇਆ ਜਿਸ ਨੂੰ ਕਥਿਤ ਤੌਰ ‘ਤੇ ਆਨਲਾਈਨ ਮੰਗਵਾਇਆ ਗਿਆ ਸੀ। ਇਸ ਤੋਂ ਬਾਅਦ ਦੋਵਾਂ ਦੇ ਰਿਸ਼ਤਿਆਂ ‘ਚ ਦਰਾਰ ਆ ਗਈ ਤੇ ਗੱਲ ਵੱਖ ਹੋਣ ਤਕ ਪਹੁੰਚ ਗਈ। ਉਸ ਨੇ ਦੋਸ਼ ਲਾਇਆ ਕਿ ਸਹੁਰੇ ਪਰਿਵਾਰ ਨੇ ਪਤਨੀ ਨੂੰ ਪਨਾਹ ਦਿੱਤੀ ਤੇ ਉਸ ਨੂੰ ਬਦਨਾਮ ਕੀਤਾ।

ਬੱਚੀਆਂ ਤੋਂ ਹੱਥ ਜੋੜ ਕੇ ਮੰਗੀ ਮਾਫ਼ੀ

ਆਸ਼ੂ ਨੇ ਇਹ ਵੀ ਦੱਸਿਆ ਕਿ ਉਸ ਦੀਆਂ ਦੋ ਬੇਟੀਆਂ ਹਨ ਤੇ ਵੱਡੀ ਬੇਟੀ ਦੀ ਉਮਰ ਸਿਰਫ਼ 11 ਸਾਲ ਹੈ। ਉਸ ਦੇ ਛੋਟੇ ਬੱਚਿਆਂ ਨੂੰ ਜ਼ਮੀਨ ‘ਤੇ ਸੁਆ ਕੇ ਉਸ ਨੂੰ ਅਪਮਾਨਿਤ ਕੀਤਾ ਜਾਂਦਾ ਸੀ ਅਤੇ ਵਾਰ-ਵਾਰ ਝਗੜੇ ਲਈ ਉਕਸਾਇਆ ਜਾਂਦਾ ਸੀ। ਵੀਡੀਓ ‘ਚ ਉਹ ਵਾਰ-ਵਾਰ ਹੱਥ ਜੋੜ ਕੇ ਆਪਣੀਆਂ ਦੋਵਾਂ ਬੱਚੀਆਂ ਤੋਂ ਮਾਫ਼ੀ ਮੰਗਦਾ ਦਿਖਾਈ ਦੇ ਰਿਹਾ ਹੈ। ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਚਿਆਂ ਦੀ ਕਸਟਡੀ (ਸੰਭਾਲ) ਉਸ ਦੇ ਭੈਣ-ਭਰਾਵਾਂ ਨੂੰ ਦਿੱਤੀ ਜਾਵੇ, ਕਿਉਂਕਿ ਉਹੀ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਪਾਲ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button