Punjab

ਦਾਤ ਦਿਖਾ ਕੇ ਗਰੀਬ ਮਜ਼ਦੂਰ ਤੋਂ 60 ਰੁਪਏ ਤੇ ਮੋਬਾਇਲ ਲੁੱਟਣ ਵਾਲੇ ਚੜ੍ਹੇ ਪੁਲਿਸ ਅੜਿੱਕੇ

ਨਾਕਾਬੰਦੀ ਦੌਰਾਨ ਗ੍ਰਿਫਤਾਰ

ਲੁਧਿਆਣਾ, 17 ਫਰਵਰੀ : ਦਾਤ ਦਿਖਾ ਕੇ ਗਰੀਬ ਮਜ਼ਦੂਰ ਕੋਲੋਂ ਮਾਤਰ 60 ਰੁਪਏ ਲੁੱਟਣਾ ਬੇਸ਼ੱਕ ਹਾਸੋਹੀਣਾ ਮਾਮਲਾ ਜਾਪਦਾ ਹੈ। ਪਰ ਅਸਲ ਵਿੱਚ ਇਹ ਮਸਲਾ ਬਹੁਤ ਜਿਆਦਾ ਗੰਭੀਰ ਹੈ। ਇਸ ਵਾਰਦਾਤ ਦੇ ਜ਼ਰੀਏ ਲੁਟੇਰਿਆਂ ਦੀ ਆਦਤਨ ਅਪਰਾਧ ਦੀ ਮਾਨਸਿਕਤਾ ਸਪਸ਼ਟ ਹੁੰਦੀ ਹੈ ਕਿ ਉਸ ਹਰ ਹਾਲਤ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਗੇ ਬੇਸ਼ੱਕ ਉਹਨਾਂ ਦੇ ਸ਼ਿਕਾਰ ਦੀ ਜੇਬ ਵਿੱਚ ਮਾਤਰ 60 ਰੁਪਏ ਹੀ ਕਿਉਂ ਨਾ ਹੋਣ। 60 ਰੁਪਏ ਦੀ ਲੁੱਟ ਦਾ ਤਾਜ਼ਾ ਮਾਮਲਾ ਕੰਗਣਵਾਲ ਇਲਾਕੇ ਵਿੱਚ ਵਾਪਰਿਆ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਦੁਰਗਾ ਕਲੋਨੀ ਢੰਡਾਰੀ ਕਲਾਂ ਦੇ ਰਹਿਣ ਵਾਲੇ ਬਲਿਸਟਰ ਕੁਮਾਰ ਪਟੇਲ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਕੇ ਮਜ਼ਦੂਰੀ ਕਰ ਰਿਹਾ ਹੈ। ਉਹ ਆਪਣੇ ਕਮਰੇ ਵਿੱਚੋਂ ਆਪਣੇ ਠੇਕੇਦਾਰ ਨੂੰ ਮਿਲਣ ਲਈ ਕੰਗਣਵਾਲ ਇਲਾਕੇ ਵਿੱਚ ਜਾ ਰਿਹਾ ਸੀ। ਜਿਵੇਂ ਹੀ ਉਹ ਏਸ਼ੀਅਨ ਫੈਕਟਰੀ ਦੇ ਲਾਗੇ ਪਹੁੰਚਿਆ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਨੌਜਵਾਨ ਆਏ। ਬਦਮਾਸ਼ਾਂ ਨੇ ਉਸ ਨੂੰ ਡਰਾਉਣ ਲਈ ਦਾਤ ਕੱਢ ਲਿਆ ਅਤੇ ਮਾਰਨ ਦੀ ਧਮਕੀ ਦਿੱਤੀ। ਡਰਾ ਧਮਕਾ ਕੇ ਮੁਲਜਮਾਂ ਨੇ ਉਸਦੀ ਜੇਬ ਚੋਂ 60 ਰੁਪਏ ਲੁੱਟ ਲਏ। ਜਾਂਦੇ ਸਮੇਂ ਉਹ ਉਸ ਦਾ ਮੋਬਾਇਲ ਫੋਨ ਵੀ ਖੋਹ ਕੇ ਲੈ ਗਏ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਗੁਰਦੇਵ ਰਾਮ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਪੁਲਿਸ ਨੇ ਕੇਸ ਦੀ ਪੜਤਾਲ ਸ਼ੁਰੂ ਕੀਤੀ ਅਤੇ ਨਾਕਾਬੰਦੀ ਦੇ ਦੌਰਾਨ ਦੋਵਾਂ ਮੁਲਜਮਾਂ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਦਾ ਕਹਿਣਾ ਹੈ ਕਿ ਗਿਰਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਆਦਰਸ਼ ਕਲੋਨੀ ਦੇਵਾਸੀ ਪਰਵਿੰਦਰ ਉਰਫ ਸੋਨੂ ਅਤੇ ਸ਼ਿਮਲਾਪੁਰੀ ਦੇ ਰਹਿਣ ਵਾਲੇ ਮਨੂ ਕੁਮਾਰ ਉਰਫ ਗੁਰਪ੍ਰੀਤ ਵੱਜੋਂ ਹੋਈ ਹੈ।

Related Articles

Leave a Reply

Your email address will not be published. Required fields are marked *

Back to top button