
ਜਲੰਧਰ, 27 ਜਨਵਰੀ : ਘਾਹ ਮੰਡੀ ਰੋਡ ‘ਤੇ ਸਥਿਤ ਗੁਰੂ ਨਾਨਕ ਕਾਲੋਨੀ ‘ਚ ਇਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਖੰਭਾ ਟੇਢਾ ਹੋ ਗਿਆ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ‘ਚ ਕਾਰ ਚਾਲਕ ਦਾ ਸਿਰ ਸ਼ੀਸ਼ੇ ਨਾਲ ਟਕਰਾਉਣ ਕਾਰਨ ਉਹ ਖ਼ੂਨ ਨਾਲ ਲੱਥਪੱਥ ਹੋ ਗਿਆ। ਟੱਕਰ ਦੌਰਾਨ ਬਿਜਲੀ ਦੀਆਂ ਤਾਰਾਂ ‘ਚੋਂ ਚੰਗਿਆੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ, ਜਿਸ ਕਾਰਨ ਪੂਰੇ ਇਲਾਕੇ ਦੀ ਬਿਜਲੀ ਚਲੀ ਗਈ। ਕਾਲੋਨੀ ‘ਚ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ ਜਦਕਿ ਜ਼ਖ਼ਮੀ ਚਾਲਕ ਨੂੰ ਉਸ ਦੇ ਰਿਸ਼ਤੇਦਾਰ ਕਾਰ ਵਿੱਚੋਂ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਲੈ ਗਏ।
ਬੱਚਿਆਂ ਦਾ ਬਚਾਅ, ਲੋਕਾਂ ‘ਚ ਦਹਿਸ਼ਤ
ਗੁਰੂ ਨਾਨਕ ਕਾਲੋਨੀ ਦੇ ਰਹਿਣ ਵਾਲੇ ਕਰਨ ਨੇ ਦੱਸਿਆ ਕਿ ਗਲੀ ‘ਚ ਇਕ ਵਿਅਕਤੀ ਲਗਪਗ 100 ਦੀ ਰਫ਼ਤਾਰ ਨਾਲ ਕਾਰ ਚਲਾ ਰਿਹਾ ਸੀ। ਸ਼ੁਕਰ ਰਿਹਾ ਕਿ ਕੋਈ ਬੱਚਾ ਕਾਰ ਦੀ ਲਪੇਟ ਵਿੱਚ ਨਹੀਂ ਆਇਆ, ਕਿਉਂਕਿ ਕੁਝ ਸਮਾਂ ਪਹਿਲਾਂ ਹੀ ਬੱਚੇ ਗਲੀ ਵਿੱਚ ਖੇਡ ਰਹੇ ਸਨ। ਉਸ ਨੇ ਦੱਸਿਆ ਕਿ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ, ਜਿਸ ਕਾਰਨ ਚਾਲਕ ਕੰਟਰੋਲ ਖੋਹ ਬੈਠਾ ਅਤੇ ਕਾਰ ਸਿੱਧੀ ਬਿਜਲੀ ਦੇ ਖੰਭੇ ਵਿੱਚ ਜਾ ਵੱਜੀ।
ਨਸ਼ੇ ਵਿੱਚ ਹੋਣ ਦਾ ਸ਼ੱਕ
ਲੋਕਾਂ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਬਿਜਲੀ ਦਾ ਖੰਭਾ ਟੁੱਟਣੋਂ ਤਾਂ ਬਚ ਗਿਆ ਪਰ ਕਾਫ਼ੀ ਟੇਢਾ ਹੋ ਗਿਆ। ਚੰਗਿਆੜੀਆਂ ਨਿਕਲਣ ਕਾਰਨ ਇਲਾਕੇ ਦੀ ਬਿਜਲੀ ਗੁਲ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੋਸ਼ ਲਾਇਆ ਕਿ ਕਾਰ ਚਾਲਕ ਨਸ਼ੇ ਦੀ ਹਾਲਤ ਵਿੱਚ ਲੱਗ ਰਿਹਾ ਸੀ, ਕਿਉਂਕਿ ਹਾਦਸੇ ਤੋਂ ਬਾਅਦ ਉਸ ਕੋਲੋਂ ਸਿੱਧਾ ਤੁਰਿਆ ਵੀ ਨਹੀਂ ਜਾ ਰਿਹਾ ਸੀ। ਇਲਾਕੇ ਦੀ ਬਿਜਲੀ ਜਾਣ ਅਤੇ ਹਾਦਸੇ ਬਾਰੇ ਲੋਕਾਂ ਨੇ ਤੁਰੰਤ ਬਿਜਲੀ ਵਿਭਾਗ ਅਤੇ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



